ਚੰਡੀਗੜ੍ਹ, 23 ਨਵੰਬਰ (ਹਿ. ਸ.)। ਸੁਲਤਾਨਪੁਰ ਲੋਧੀ ਵਿਚ ਗੁਰਦੁਆਰਾ ਅਕਾਲ ਬੁੰਗਾ ਵਿਖੇ ਪੁਲਿਸ ਅਤੇ ਨਿਹੰਗ ਸਿੰਘਾਂ ਵਿਚਾਲੇ ਹੋਈ ਗੋਲੀਬਾਰੀ ਵਿਚ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਅਤੇ ਪੰਜ ਹੋਰ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ। ਅੱਜ ਵੱਡੇ ਤੜਕੇ ਤੋਂ ਹੀ ਦੋਹਾਂ ਪਾਸਿਆਂ ਤੋਂ ਲਗਾਤਾਰ ਗੋਲੀਬਾਰੀ ਹੋ ਰਹੀ ਹੈ। ਪੁਲਿਸ ਨੇ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਆਪਰੇਸ਼ਨ ਜਾਰੀ ਹੈ।
ਕਪੂਰਥਲਾ ਦੇ ਐੱਸ. ਐੱਸ. ਪੀ. ਮੌਕੇ ’ਤੇ ਆਪ ਟੀਮ ਦੀ ਅਗਵਾਈ ਕਰ ਰਹੇ ਹਨ ਜਦੋਂ ਕਿ ਜਲੰਧਰ ਤੋਂ ਆਈ. ਜੀ. ਵੀ ਮੌਕੇ ਲਈ ਰਵਾਨਾ ਹੋ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ 30 ਦੇ ਕਰੀਬ ਨਿਹੰਗ ਸਿੰਘ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਹਨ। ਜਾਣਕਾਰੀ ਅਨੁਸਾਰ ਵਿਚ ਕੁਝ ਦਿਨ ਪਹਿਲਾਂ ਨਿਹੰਗ ਸਿੰਘਾਂ ਦੇ ਇਕ ਧੜੇ ਨੇ ਗੁਰਦੁਆਰਾ ਸਾਹਿਬ ’ਤੇ ਕਬਜ਼ਾ ਕਰ ਲਿਆ ਸੀ ਤੇ ਪੁਲਿਸ ਇਸ ਕਬਜ਼ੇ ਨੂੰ ਛੁਡਵਾਉਣ ਵਾਸਤੇ ਗਈ ਸੀ। ਨਿਹੰਗਾਂ ਨੇ ਅੰਦਰੋਂ ਪੁਲਿਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੁਰਦੁਆਰਾ ਅਕਾਲ ਬੁੰਗਾ ‘ਚ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਜਾਰੀ ਹੈ। ਨਿਹੰਗ ਸੰਗਤਾਂ ਨੂੰ ਢਾਲ ਬਣਾ ਕੇ ਗੁਰਦੁਆਰੇ ਦੀ ਉਪਰਲੀ ਮੰਜ਼ਿਲ ਤੋਂ ਗੋਲੀਆਂ ਚਲਾ ਰਹੇ ਹਨ। ਪੁਲਿਸ ਨੇ ਦੋ ਦਿਨ ਪਹਿਲਾਂ ਗੁਰਦੁਆਰੇ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
