ਨਵੀਂ ਦਿੱਲੀ, 03 ਅਕਤੂਬਰ (ਹਿ. ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਛੱਤੀਸਗੜ੍ਹ ਦੇ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਛੱਤੀਸਗੜ੍ਹ ਦੇ ਜਗਦਲਪੁਰ, ਬਸਤਰ ਵਿੱਚ ਲਗਭਗ 27 ਹਜ਼ਾਰ ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਪ੍ਰਾਜੈਕਟ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰਨਗੇ, ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਗੇ ਅਤੇ ਸੂਬੇ ਵਿੱਚ ਨਵੇਂ ਉਦਯੋਗਾਂ ਨੂੰ ਉਤਸ਼ਾਹਿਤ ਕਰਨਗੇ।
ਇਨ੍ਹਾਂ ਪ੍ਰੋਜੈਕਟਾਂ ਵਿੱਚ ਰੇਲਵੇ ਅਤੇ ਸੜਕ ਖੇਤਰ ਦੇ ਪ੍ਰੋਜੈਕਟਾਂ ਦੇ ਨਾਲ ਬਸਤਰ ਜ਼ਿਲੇ ਦੇ ਨਗਰਨਾਰ ਵਿਖੇ ਐੱਨਐੱਮਡੀਸੀ ਸਟੀਲ ਲਿਮਟਿਡ ਦੇ 23,800 ਕਰੋੜ ਰੁਪਏ ਤੋਂ ਵੱਧ ਦੇ ਸਟੀਲ ਪਲਾਂਟ ਦਾ ਉਦਘਾਟਨ ਸ਼ਾਮਲ ਹੈ। ਉਨ੍ਹਾਂ ਨੇ ਤਾਰੋਕੀ-ਰਾਏਪੁਰ ਡੇਮੂ ਰੇਲ ਸੇਵਾ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਮੌਕੇ ‘ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਰੇਲਵੇ, ਸੜਕਾਂ, ਹਵਾਈ ਅੱਡਿਆਂ, ਬਿਜਲੀ ਪ੍ਰੋਜੈਕਟਾਂ, ਟਰਾਂਸਪੋਰਟ, ਗਰੀਬਾਂ ਲਈ ਮਕਾਨ ਅਤੇ ਵਿਦਿਅਕ ਅਤੇ ਸਿਹਤ ਸੰਭਾਲ ਸੰਸਥਾਵਾਂ ਦੇ ਪ੍ਰੋਜੈਕਟਾਂ ਵਿੱਚ ਸਟੀਲ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛਲੇ 9 ਸਾਲਾਂ ਵਿੱਚ ਦੇਸ਼ ਨੂੰ ਸਟੀਲ ਉਤਪਾਦਨ ਵਿੱਚ ਆਤਮ ਨਿਰਭਰ ਬਣਾਉਣ ਲਈ ਕਈ ਕਦਮ ਚੁੱਕੇ ਹਨ।
ਪ੍ਰਧਾਨ ਮੰਤਰੀ ਨੇ ਅੱਜ ਨਗਰਨਾਰ ਵਿਖੇ ਸਭ ਤੋਂ ਆਧੁਨਿਕ ਸਟੀਲ ਪਲਾਂਟਾਂ ਵਿੱਚੋਂ ਇੱਕ ਦੇ ਉਦਘਾਟਨ ਦਾ ਜ਼ਿਕਰ ਕਰਦੇ ਹੋਏ ਕਿਹਾ, ‘ਛੱਤੀਸਗੜ੍ਹ ਇੱਕ ਵੱਡਾ ਸਟੀਲ ਉਤਪਾਦਕ ਰਾਜ ਹੋਣ ਦਾ ਲਾਭ ਉਠਾ ਰਿਹਾ ਹੈ।’ ਉਨ੍ਹਾਂ ਕਿਹਾ ਕਿ ਇਸ ਪਲਾਂਟ ਵਿੱਚ ਪੈਦਾ ਹੋਣ ਵਾਲੇ ਸਟੀਲ ਦੀ ਵਰਤੋਂ ਦੇਸ਼ ਦੇ ਆਟੋਮੋਬਾਈਲ, ਇੰਜੀਨੀਅਰਿੰਗ ਅਤੇ ਰੱਖਿਆ ਨਿਰਮਾਣ ਖੇਤਰ ਨੂੰ ਨਵੀਂ ਊਰਜਾ ਦੇਵੇਗਾ।
ਮੋਦੀ ਨੇ ਕਿਹਾ ਕਿ ਬਸਤਰ ਵਿੱਚ ਪੈਦਾ ਹੋਣ ਵਾਲਾ ਸਟੀਲ ਰੱਖਿਆ ਨਿਰਯਾਤ ਨੂੰ ਵਧਾਏਗਾ ਅਤੇ ਨਾਲ ਹੀ ਹਥਿਆਰਬੰਦ ਬਲਾਂ ਨੂੰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਸਟੀਲ ਪਲਾਂਟ ਬਸਤਰ ਅਤੇ ਆਸਪਾਸ ਦੇ 50,000 ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰੇਗਾ। ਨਵਾਂ ਸਟੀਲ ਪਲਾਂਟ ਕੇਂਦਰ ਸਰਕਾਰ ਵਲੋਂ ਬਸਤਰ ਵਰਗੇ ਉਤਸ਼ਾਹੀ ਜ਼ਿਲ੍ਹਿਆਂ ਦੇ ਵਿਕਾਸ ਨੂੰ ਤਰਜੀਹ ਨਵੀਂ ਗਤੀ ਦੇਵੇਗਾ।
ਕਨੈਕਟੀਵਿਟੀ ‘ਤੇ ਕੇਂਦਰ ਸਰਕਾਰ ਦੇ ਫੋਕਸ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਛੱਤੀਸਗੜ੍ਹ ਵਿੱਚ ਆਰਥਿਕ ਗਲਿਆਰੇ ਅਤੇ ਆਧੁਨਿਕ ਹਾਈਵੇਅ ਦਾ ਹਵਾਲਾ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਛੱਤੀਸਗੜ੍ਹ ਦੇ ਰੇਲ ਬਜਟ ਵਿੱਚ 2014 ਦੇ ਮੁਕਾਬਲੇ ਲਗਭਗ 20 ਗੁਣਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਤਰੋਕੀ ਨੂੰ ਨਵੀਂ ਰੇਲਵੇ ਲਾਈਨ ਦਾ ਤੋਹਫ਼ਾ ਮਿਲ ਰਿਹਾ ਹੈ। ਨਵੀਂ ਡੇਮੂ ਰੇਲਗੱਡੀ ਨੇ ਤਾਰੋਕੀ ਨੂੰ ਦੇਸ਼ ਦੇ ਰੇਲਵੇ ਨਕਸ਼ੇ ‘ਤੇ ਜੋੜਿਆ ਹੈ, ਜਿਸ ਨਾਲ ਰਾਜਧਾਨੀ ਰਾਏਪੁਰ ਦੀ ਯਾਤਰਾ ਕਰਨਾ ਆਸਾਨ ਹੋ ਜਾਵੇਗਾ।ਜਗਦਲਪੁਰ ਅਤੇ ਦਾਂਤੇਵਾੜਾ ਵਿਚਕਾਰ ਰੇਲਵੇ ਲਾਈਨ ਡਬਲਿੰਗ ਪ੍ਰੋਜੈਕਟ ਲੌਜਿਸਟਿਕਸ ਲਾਗਤਾਂ ਨੂੰ ਘਟਾਏਗਾ ਅਤੇ ਯਾਤਰਾ ਨੂੰ ਆਸਾਨ ਕਰੇਗਾ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਖੁਸ਼ੀ ਜ਼ਾਹਰ ਕੀਤੀ ਕਿ ਛੱਤੀਸਗੜ੍ਹ ਨੇ ਰੇਲ ਪਟੜੀਆਂ ਦਾ 100 ਪ੍ਰਤੀਸ਼ਤ ਬਿਜਲੀਕਰਨ ਪੂਰਾ ਕਰ ਲਿਆ ਹੈ। ਰਾਜ ਵਿੱਚ ਵੰਦੇ ਭਾਰਤ ਟਰੇਨ ਵੀ ਚੱਲ ਰਹੀ ਹੈ। ਛੱਤੀਸਗੜ੍ਹ ਦੇ 30 ਤੋਂ ਵੱਧ ਸਟੇਸ਼ਨਾਂ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਅਪਗ੍ਰੇਡ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚੋਂ 7 ਸਟੇਸ਼ਨਾਂ ਦੇ ਪੁਨਰ ਵਿਕਾਸ ਦਾ ਨੀਂਹ ਪੱਥਰ ਪਹਿਲਾਂ ਹੀ ਰੱਖਿਆ ਜਾ ਚੁੱਕਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਬਿਲਾਸਪੁਰ, ਰਾਏਪੁਰ ਅਤੇ ਦੁਰਗ ਸਟੇਸ਼ਨਾਂ ਦੇ ਨਾਲ, ਅੱਜ ਜਗਦਲਪੁਰ ਸਟੇਸ਼ਨ ਨੂੰ ਵੀ ਅੱਜ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਜਗਦਲਪੁਰ ਸਟੇਸ਼ਨ ਸ਼ਹਿਰ ਦਾ ਮੁੱਖ ਕੇਂਦਰ ਬਣ ਜਾਵੇਗਾ ਅਤੇ ਇੱਥੇ ਯਾਤਰੀਆਂ ਦੀਆਂ ਸਹੂਲਤਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਨੌਂ ਸਾਲਾਂ ਵਿੱਚ ਰਾਜ ਵਿੱਚ 120 ਤੋਂ ਵੱਧ ਸਟੇਸ਼ਨਾਂ ‘ਤੇ ਮੁਫਤ ਵਾਈ-ਫਾਈ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ,। ਪ੍ਰਧਾਨ ਮੰਤਰੀ ਨੇ ਭਰੋਸਾ ਦਿਵਾਇਆ ਕਿ ਸਰਕਾਰ ਛੱਤੀਸਗੜ੍ਹ ਦੀ ਵਿਕਾਸ ਯਾਤਰਾ ਲਈ ਆਪਣਾ ਸਮਰਥਨ ਜਾਰੀ ਰੱਖੇਗੀ ਅਤੇ ਰਾਜ ਦੇਸ਼ ਦੀ ਕਿਸਮਤ ਨੂੰ ਬਦਲਣ ਵਿੱਚ ਆਪਣੀ ਭੂਮਿਕਾ ਨਿਭਾਏਗਾ। ਇਸ ਮੌਕੇ ਛੱਤੀਸਗੜ੍ਹ ਦੇ ਰਾਜਪਾਲ ਵਿਸ਼ਵਭੂਸ਼ਣ ਹਰੀਚੰਦਨ ਅਤੇ ਸੰਸਦ ਮੈਂਬਰ ਮੋਹਨ ਮੰਡਾਵੀ ਸਮੇਤ ਹੋਰ ਲੋਕ ਪਤਵੰਤੇ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
