ਮੁੰਬਈ, 03 ਅਕਤੂਬਰ (ਹਿ. ਸ.)। ਵਿਵੇਕ ਅਗਨੀਹੋਤਰੀ ਦੁਆਰਾ ਨਿਰਦੇਸ਼ਿਤ ਫਿਲਮ ‘ਦ ਵੈਕਸੀਨ ਵਾਰ’ 28 ਸਤੰਬਰ ਨੂੰ ਰਿਲੀਜ਼ ਹੋਈ। ਸੁਪਰਹਿੱਟ ਫਿਲਮ ‘ਦਿ ਕਸ਼ਮੀਰ ਫਾਈਲਜ਼’ ਤੋਂ ਬਾਅਦ ਵਿਵੇਕ ਅਗਨੀਹੋਤਰੀ ਇਕ ਅਜਿਹੀ ਫਿਲਮ ਲੈ ਕੇ ਆਏ ਹਨ ਜੋ ਕੋਰੋਨਾ ਦੇ ਦੌਰ ਦੌਰਾਨ ਸਵਦੇਸ਼ੀ ਵੈਕਸੀਨ ਵਿਕਸਿਤ ਕਰਨ ਵਾਲੀ ਟੀਮ ‘ਤੇ ਆਧਾਰਿਤ ਹੈ। ਕੋਰੋਨਾ ਦੌਰ ਦੌਰਾਨ ਸਥਿਤੀ ‘ਤੇ ਟਿੱਪਣੀ ਕਰਦੀ ਇਹ ਫਿਲਮ ਦਰਸ਼ਕਾਂ ਨੂੰ ਆਕਰਸ਼ਿਤ ਕਰਨ ‘ਚ ਅਸਫਲ ਰਹੀ ਹੈ।
‘ਦਿ ਵੈਕਸੀਨ ਵਾਰ’ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਏ ਪੰਜ ਦਿਨ ਹੋ ਗਏ ਹਨ ਪਰ ਫਿਲਮ 10 ਕਰੋੜ ਰੁਪਏ ਵੀ ਨਹੀਂ ਕਮਾ ਸਕੀ। ਲੱਗਦਾ ਹੈ ਕਿ ਦਰਸ਼ਕਾਂ ਨੇ ਫਿਲਮ ਵੱਲ ਮੂੰਹ ਮੋੜ ਲਿਆ ਹੈ। ਫਿਲਮ ਦੀ ਕਮਾਈ ਦੇ ਅੰਕੜੇ ਕਾਫੀ ਨਿਰਾਸ਼ਾਜਨਕ ਹਨ। ‘ਸੈਕਨਿਲਕ’ ਦੀ ਰਿਪੋਰਟ ਮੁਤਾਬਕ ਫਿਲਮ ਨੇ ਚੌਥੇ ਦਿਨ 2.25 ਕਰੋੜ ਅਤੇ ਸੋਮਵਾਰ ਨੂੰ 1.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫਿਲਮ ਦੀ ਕੁੱਲ ਕਮਾਈ 7 ਕਰੋੜ 25 ਲੱਖ ਰੁਪਏ ਹੈ।
ਲਗਾਤਾਰ ਛੁੱਟੀਆਂ ਦੇ ਬਾਵਜੂਦ ਫਿਲਮ ਨੂੰ ਜ਼ਿਆਦਾ ਫਾਇਦਾ ਨਹੀਂ ਹੋਇਆ। ਇਸ ਦੇ ਨਾਲ ਹੀ ਦਰਸ਼ਕਾਂ ਨੂੰ ‘ਬਾਏ ਵਨ ਗੈੱਟ ਵਨ’ ਵੀ ਆਫ਼ਰ ਕੀਤਾ ਗਿਆ। ਫਿਰ ਵੀ ਫਿਲਮ 10 ਕਰੋੜ ਦੀ ਕਮਾਈ ਨਹੀਂ ਕਰ ਸਕੀ। ਘੱਟ ਬਜਟ ‘ਚ ਬਣੀ ‘ਦ ਵੈਕਸੀਨ ਵਾਰ’ ਦੇਸ਼ ‘ਚ 1000 ਸਕ੍ਰੀਨਜ਼ ‘ਤੇ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੂੰ ਹਿੰਦੀ, ਅੰਗਰੇਜ਼ੀ, ਬੰਗਾਲੀ, ਪੰਜਾਬੀ, ਭੋਜਪੁਰੀ, ਕੰਨੜ, ਤਾਮਿਲ, ਤੇਲਗੂ, ਮਲਿਆਲਮ, ਗੁਜਰਾਤੀ ਅਤੇ ਮਰਾਠੀ ਸਮੇਤ 11 ਭਾਸ਼ਾਵਾਂ ਵਿੱਚ ਰਿਲੀਜ਼ ਕੀਤਾ ਗਿਆ ਹੈ।
ਫਿਲਮ ‘ਚ ਨਾਨਾ ਪਾਟੇਕਰ ਮੁੱਖ ਭੂਮਿਕਾ ‘ਚ ਹਨ। ਉਨ੍ਹਾਂ ਡਾ. ਬਲਰਾਮ ਭਾਰਗਵ ਦਾ ਕਿਰਦਾਰ ਨਿਭਾਇਆ ਹੈ। ਇਸ ਤੋਂ ਇਲਾਵਾ ਰਾਇਮਾ ਸੇਨ ਨੇ ਮਹਿਲਾ ਪੱਤਰਕਾਰ ਦੀ ਭੂਮਿਕਾ ਨਿਭਾਈ ਹੈ। ਫਿਲਮ ਵਿੱਚ ਪੱਲਵੀ ਜੋਸ਼ੀ, ਗਿਰੀਜਾ ਓਕ ਗੋਡਬੋਲੇ, ਅਨੁਪਮ ਖੇਰ, ਸਪਤਮੀ ਗੌੜਾ ਵੀ ਅਹਿਮ ਭੂਮਿਕਾਵਾਂ ਵਿੱਚ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
