ਚੇਨਈ/ਅਮਰਾਵਤੀ, 05 ਦਸੰਬਰ (ਹਿ.ਸ.)। ਪੱਛਮੀ-ਕੇਂਦਰੀ ਬੰਗਾਲ ਦੀ ਖਾੜੀ ‘ਤੇ ਬਣਿਆ ਗੰਭੀਰ ਚੱਕਰਵਾਤੀ ਤੂਫਾਨ ਮਿਚੌਂਗ ਪਿਛਲੇ 6 ਘੰਟਿਆਂ ਦੌਰਾਨ ਸੱਤ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਤਰ-ਪੱਛਮ ਵੱਲ ਵਧ ਰਿਹਾ ਹੈ। ਇਸ ਦੇ ਅੱਜ (ਮੰਗਲਵਾਰ) ਸਵੇਰੇ ਨੇਲੋਰ ਅਤੇ ਮਛਲੀਪਟਨਮ ਵਿਚਕਾਰ ਦੱਖਣੀ ਆਂਧਰਾ ਪ੍ਰਦੇਸ਼ ਦੇ ਤੱਟ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਇਸ ਦੇ ਪ੍ਰਭਾਵ ਕਾਰਨ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ।
ਭਾਰਤੀ ਮੌਸਮ ਵਿਭਾਗ ਦੇ ਚੇਨਈ ਕੇਂਦਰ ਨੇ ਸਵੇਰੇ ਚੇਤਾਵਨੀ ਦਿੱਤੀ ਹੈ ਕਿ ਤਾਮਿਲਨਾਡੂ ਦੇ 10 ਜ਼ਿਲ੍ਹਿਆਂ, ਚੇਨਈ, ਤਿਰੂਵੱਲੁਰ, ਚੇਂਗਲਪੱਟੂ, ਕਾਂਚੀਪੁਰਮ, ਰਾਨੀਪੇਟ ਅਤੇ ਵੇਲੋਰ ਆਦਿ ’ਚ ਤੇਜ਼ ਹਨੇਰੀ ਚੱਲਣ ਅਤੇ ਬਿਜਲੀ ਡਿੱਗਣ ਦੇ ਨਾਲ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਦੌਰਾਨ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਕੱਲ੍ਹ (ਸੋਮਵਾਰ) ਭਾਰੀ ਮੀਂਹ ਕਾਰਨ ਹੋਏ ਨੁਕਸਾਨ ਬਾਰੇ ਅਧਿਕਾਰੀਆਂ ਨਾਲ ਚਰਚਾ ਕਰਕੇ ਰਾਹਤ ਅਤੇ ਬਚਾਅ ਕਾਰਜਾਂ ਬਾਰੇ ਜਾਣਕਾਰੀ ਲਈ।
ਚੱਕਰਵਾਤ ਕਾਰਨ ਚੇਨਈ ਵਿੱਚ ਕੱਲ੍ਹ (ਸੋਮਵਾਰ) ਵੱਖ-ਵੱਖ ਘਟਨਾਵਾਂ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। ਸੂਬੇ ਵਿੱਚ ਤੇਜ਼ ਹਵਾਵਾਂ ਕਾਰਨ ਦਰੱਖਤ ਉਖੜ ਗਏ ਹਨ। ਦੋਵਾਂ ਸੂਬਿਆਂ ‘ਚ ਕਈ ਥਾਵਾਂ ‘ਤੇ ਪਾਣੀ ਭਰ ਜਾਣ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਭਾਰਤੀ ਮੌਸਮ ਵਿਭਾਗ ਨੇ ਅੱਜ ਓਡੀਸ਼ਾ, ਤੇਲੰਗਾਨਾ ਅਤੇ ਪੁਡੂਚੇਰੀ ਵਿੱਚ ਵੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
