ਸਿਓਲ, 04 ਦਸੰਬਰ (ਹਿ.ਸ.)। ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨੇ ਦੇਸ਼ ਨੂੰ ਮਜ਼ਬੂਤ ਕਰਨ ਲਈ ਔਰਤਾਂ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਦਾ ਸੱਦਾ ਦਿੱਤਾ ਹੈ। ਇਸ ਦਾ ਕਾਰਨ ਦੇਸ਼ ਵਿੱਚ ਜਨਮ ਦਰ ਵਿੱਚ ਗਿਰਾਵਟ ਨੂੰ ਰੋਕਣਾ ਹੈ। ਕਿਮ ਜੋਂਗ ਦੀ ਸਰਕਾਰ ਔਰਤਾਂ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਲਈ ਕਹਿ ਰਹੀ ਹੈ। ਕਿਮ ਨੇ ਐਤਵਾਰ ਨੂੰ ਮਾਂਵਾਂ ਦੀ ਰਾਸ਼ਟਰੀ ਬੈਠਕ ਦੌਰਾਨ ਇਹ ਅਪੀਲ ਕੀਤੀ।
ਕਿਮ ਨੇ ਕਿਹਾ, ਜਨਮ ਦਰ ‘ਚ ਗਿਰਾਵਟ ਨੂੰ ਰੋਕਣਾ ਅਤੇ ਬੱਚਿਆਂ ਦਾ ਪਾਲਣ-ਪੋਸ਼ਣ ਅਤੇ ਉਨ੍ਹਾਂ ਨੂੰ ਸਿੱਖਿਆ ਪ੍ਰਦਾਨ ਕਰਨਾ ਸਾਡੇ ਪਰਿਵਾਰਕ ਮਾਮਲੇ ਹਨ। ਸਾਨੂੰ ਆਪਣੀਆਂ ਮਾਵਾਂ ਨਾਲ ਮਿਲ ਕੇ ਇਨ੍ਹਾਂ ਨੂੰ ਹੱਲ ਕਰਨਾ ਚਾਹੀਦਾ ਹੈ। ਦੱਖਣੀ ਕੋਰੀਆ ਦੀ ਸਰਕਾਰ ਦਾ ਅਨੁਮਾਨ ਹੈ ਕਿ ਉੱਤਰੀ ਕੋਰੀਆ ਦੀ ਜਨਮ ਦਰ ਪਿਛਲੇ 10 ਸਾਲਾਂ ਤੋਂ ਲਗਾਤਾਰ ਗਿਰਾਵਟ ਵਿੱਚ ਹੈ। ਚੌਤਰਫਾ ਬੰਦਸ਼ਾਂ ਨਾਲ ਘਿਰੀ ਆਰਥਿਕਤਾ ਨੂੰ ਬਣਾਈ ਰੱਖਣ ਲਈ ਸੰਗਠਿਤ ਮਜ਼ਦੂਰਾਂ ‘ਤੇ ਨਿਰਭਰ ਦੇਸ਼ ਲਈ ਇਹ ਸਥਿਤੀ ਚਿੰਤਾਜਨਕ ਹੈ। ਸੀਮਤ ਡੇਟਾ ਦੇ ਕਾਰਨ, ਉੱਤਰੀ ਕੋਰੀਆ ਦੀ ਆਬਾਦੀ ਦੇ ਰੁਝਾਨ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਮੁਸ਼ਕਲ ਹੈ।
ਇੱਕ ਰਿਪੋਰਟ ਮੁਤਾਬਕ ਉੱਤਰੀ ਕੋਰੀਆ ਵਿੱਚ ਕਈ ਪਰਿਵਾਰ ਇੱਕ ਤੋਂ ਵੱਧ ਬੱਚੇ ਪੈਦਾ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦੇ ਹਨ। ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਬੱਚਿਆਂ ਦੀ ਸਾਂਭ-ਸੰਭਾਲ, ਸਕੂਲ ਆਦਿ ਵਿੱਚ ਖਰਚਾ ਹੋਵੇਗਾ। ਅਹੰ ਕਿਉਂਗ ਸੂ, ਜਿਨ੍ਹਾਂ ਨੇ ਕਈ ਉੱਤਰੀ ਕੋਰੀਆਈ ਦਲਬਦਲੂਆਂ ਦੀ ਇੰਟਰਵਿਊ ਕੀਤੀ ਹੈ, ਨੇ ਕਿਹਾ ਕਿ ਪਿਛਲੇ 20 ਸਾਲਾਂ ਵਿੱਚ ਦੱਖਣੀ ਕੋਰੀਆ ਦੇ ਟੀਵੀ ਨਾਟਕਾਂ ਅਤੇ ਫਿਲਮਾਂ ਦੀ ਵੱਡੀ ਮਾਤਰਾ ਨੇ ਸ਼ਾਇਦ ਉੱਤਰੀ ਕੋਰੀਆ ਦੀਆਂ ਔਰਤਾਂ ਨੂੰ ਬਹੁਤ ਸਾਰੇ ਬੱਚੇ ਪੈਦਾ ਨਾ ਕਰਨ ਲਈ ਪ੍ਰੇਰਿਤ ਕੀਤਾ। ਉੱਤਰੀ ਕੋਰੀਆ ਨੇ 1970-80 ਦੇ ਦਹਾਕੇ ਵਿੱਚ ਆਬਾਦੀ ਦੇ ਵਾਧੇ ਨੂੰ ਹੌਲੀ ਕਰਨ ਲਈ ਜਨਮ ਨਿਯੰਤਰਣ ਦੀ ਸ਼ੁਰੂਆਤ ਕੀਤੀ ਸੀ।ਸਿਓਲ ਸਥਿਤ ਹੁੰਡਈ ਰਿਸਰਚ ਇੰਸਟੀਚਿਊਟ ਨੇ ਅਗਸਤ ਵਿੱਚ ਇੱਕ ਰਿਪੋਰਟ ਵਿੱਚ ਕਿਹਾ ਸੀ ਕਿ 1990 ਦੇ ਦਹਾਕੇ ਦੇ ਮੱਧ ਵਿੱਚ ਅਕਾਲ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਤੋਂ ਬਾਅਦ ਦੇਸ਼ ਦੀ ਜਣਨ ਦਰ ਵਿੱਚ ਵੱਡੀ ਗਿਰਾਵਟ ਆ ਗਈ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
