ਗੁਵਾਹਾਟੀ, 18 ਜਨਵਰੀ (ਹਿ. ਸ.) ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਤਿੰਨ ਦਿਨਾਂ ਉੱਤਰ-ਪੂਰਬ ਦੌਰਾ ਅੱਜ (ਵੀਰਵਾਰ) ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੌਰੇ ਦੌਰਾਨ ਉਹ ਅਸਾਮ ਅਤੇ ਮੇਘਾਲਿਆ ਵਿੱਚ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ।
ਗ੍ਰਹਿ ਮੰਤਰੀ ਸ਼ਿਲਾਂਗ ਸਟੇਟ ਕਨਵੈਨਸ਼ਨ ਸੈਂਟਰ ਵਿੱਚ ਹੋਣ ਵਾਲੇ ਉੱਤਰ ਪੂਰਬੀ ਕੌਂਸਲ ਦੇ 71ਵੇਂ ਸੈਸ਼ਨ ਨੂੰ ਸੰਬੋਧਨ ਕਰਨਗੇ। ਨਾਲ ਹੀ ਨਾਰਥ ਈਸਟ ਸਪੇਸ ਐਪਲੀਕੇਸ਼ਨ ਸੈਂਟਰ ਦੇ ਇੱਕ ਪ੍ਰੋਗਰਾਮ ਵਿੱਚ ਵੀ ਹਿੱਸਾ ਲੈਣਗੇ।
ਗ੍ਰਹਿ ਮੰਤਰੀ ਤੇਜਪੁਰ ਵਿੱਚ ਹੋਣ ਵਾਲੇ ਸਸ਼ਤ੍ਰ ਸੀਮਾ ਬਲ ਦੇ 61ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਵੀ ਸ਼ਾਮਲ ਹੋਣਗੇ। ਉਹ ਗੁਵਾਹਾਟੀ ਵਿੱਚ 2551 ਅਸਾਮ ਪੁਲਿਸ ਕਮਾਂਡੋ ਦੀ ਪਰੇਡ ਦਾ ਨਿਰੀਖਣ ਵੀ ਕਰਨਗੇ। ਇਸਦੇ ਨਾਲ ਹੀ ਉਹ ਗੁਵਾਹਾਟੀ ਦੇ ਪਾਨ ਬਾਜ਼ਾਰ ਵਿੱਚ ਨਵੇਂ ਬਣੇ ਬ੍ਰਹਮਪੁੱਤਰ ਰਿਵਰ ਫਰੰਟ ਪਾਰਕ ਦਾ ਉਦਘਾਟਨ ਵੀ ਕਰਨਗੇ।
ਇਸ ਦੌਰਾਨ ਗ੍ਰਹਿ ਮੰਤਰੀ ਸ਼੍ਰੀਮੰਤ ਸ਼ੰਕਰਦੇਵ ਕਲਾਕਸ਼ੇਤਰ ਵਿਖੇ ਹੋਣ ਵਾਲੇ ਪ੍ਰੋਗਰਾਮ ਦੌਰਾਨ ਲਚਿਤ ਬਰਫੁਕਨ ‘ਤੇ ਲਿਖੀ ਕਿਤਾਬ ਜਾਰੀ ਕਰਨਗੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
