ਅਮਰਾਵਤੀ, 10 ਦਸੰਬਰ (ਹਿ. ਸ.)। ਆਂਧਰਾ ਪ੍ਰਦੇਸ਼ ਦੇ ਰਾਜਮੁੰਦਰੀ ਨੂੰ ਜਲਦੀ ਹੀ ਉੱਨਤ ਅਤੇ ਆਧੁਨਿਕ ਸਹੂਲਤਾਂ ਮਿਲਣਗੀਆਂ। ਇੱਥੇ ਨਵੇਂ ਟਰਮੀਨਲ ਦੀ ਇਮਾਰਤ ਦਾ ਨੀਂਹ ਪੱਥਰ ਅੱਜ (ਐਤਵਾਰ) ਸਵੇਰੇ 11 ਵਜੇ ਰੱਖਿਆ ਜਾਵੇਗਾ। ਇਸ ਮੌਕੇ ਕੇਂਦਰੀ ਸਟੀਲ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਐਮ. ਸਿੰਧੀਆ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈੱਡੀ, ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਰਾਜ ਮੰਤਰੀ ਅਤੇ ਸ਼ਹਿਰੀ ਹਵਾਬਾਜ਼ੀ ਜਨਰਲ (ਸੇਵਾਮੁਕਤ) ਡਾ. ਵੀ. ਕੇ. ਸਿੰਘ ਵਿਸ਼ੇਸ਼ ਤੌਰ ‘ਤੇ ਮੌਜੂਦ ਰਹਿਣਗੇ। ਸਿੰਧੀਆ ਇਸ ਦੀ ਸ਼ੁਰੂਆਤ ਭੂਮੀ ਪੂਜਨ ਕਰਕੇ ਕਰਨਗੇ। ਇਹ ਜਾਣਕਾਰੀ ਪੀ.ਆਈ.ਬੀ. ਦੀ ਰਿਲੀਜ਼ ’ਚ ਦਿੱਤੀ ਗਈ ਹੈ।
ਰਿਲੀਜ਼ ਦੇ ਅਨੁਸਾਰ, ਰਾਜਮੁੰਦਰੀ ਭਾਰਤ ਦੇ ਸਭ ਤੋਂ ਤੇਜ਼ੀ ਨਾਲ ਵੱਧਦੇ ਸ਼ਹਿਰਾਂ ਵਿੱਚੋਂ ਇੱਕ ਹੈ। ਇਹ ਆਂਧਰਾ ਪ੍ਰਦੇਸ਼ ਦੀ ਸੱਭਿਆਚਾਰਕ ਰਾਜਧਾਨੀ ਹੈ। ਸ਼ਹਿਰ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ, ਵਪਾਰਕ ਅਤੇ ਸੈਰ-ਸਪਾਟਾ ਸਥਾਨਾਂ ਦੇ ਕਾਰਨ ਹਵਾਈ ਯਾਤਰਾ ਲਈ ਮਹੱਤਵਪੂਰਨ ਸੰਭਾਵਨਾਵਾਂ ਰੱਖਦਾ ਹੈ। ਇਸ ਹਵਾਈ ਅੱਡੇ ‘ਤੇ ਯਾਤਰੀਆਂ ਦੀ ਆਵਾਜਾਈ ਦੇ ਤੇਜ਼ ਵਾਧੇ ਅਤੇ ਮੌਜੂਦਾ ਟਰਮੀਨਲ ਇਮਾਰਤ ਦੀ ਸੰਤ੍ਰਿਪਤਾ ਦੇ ਮੱਦੇਨਜ਼ਰ, ਟਰਮੀਨਲ ਦੀ ਇਮਾਰਤ ਨੂੰ 17,029 ਵਰਗ ਮੀਟਰ ਦੇ ਵਾਧੂ ਖੇਤਰ ਦੁਆਰਾ ਵਧਾਉਣ ਦੀ ਯੋਜਨਾ ਬਣਾਈ ਗਈ ਹੈ। ਇਸ ਦਾ ਵਿਸਥਾਰ 350 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ। ਵਿਸਥਾਰ ਤੋਂ ਬਾਅਦ, ਇਸ ਟਰਮੀਨਲ ਦੀ ਇਮਾਰਤ ਦਾ ਕੁੱਲ ਖੇਤਰਫਲ 21,094 ਵਰਗ ਮੀਟਰ ਹੋ ਜਾਵੇਗਾ। ਇਸ ਤੋਂ ਬਾਅਦ ਇਹ ਹਵਾਈ ਅੱਡਾ ਪੀਕ ਆਵਰਜ਼ ਦੌਰਾਨ 2100 ਯਾਤਰੀਆਂ ਅਤੇ ਸਾਲਾਨਾ 30 ਲੱਖ ਯਾਤਰੀਆਂ ਦੀਆਂ ਸੇਵਾਵਾਂ ਪ੍ਰਦਾਨ ਕਰ ਸਕੇਗਾ। ਰਾਜਮੁੰਦਰੀ ਵਰਤਮਾਨ ਵਿੱਚ ਤਿੰਨ ਸ਼ਹਿਰਾਂ ਜਿਵੇਂ ਕਿ ਹੈਦਰਾਬਾਦ, ਚੇਨਈ ਅਤੇ ਬੈਂਗਲੁਰੂ ਨਾਲ ਜੁੜਿਆ ਹੋਇਆ ਹੈ। ਵਰਤਮਾਨ ਵਿੱਚ ਪ੍ਰਤੀ ਹਫ਼ਤੇ 126 ਉਡਾਣਾਂ ਦਾ ਪ੍ਰਬੰਧਨ ਕਰਦਾ ਹੈ।
ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਅੱਜ ਸਵੇਰੇ ਐਕਸ ਹੈਂਡਲ ‘ਤੇ ਆਪਣੀ ਖੁਸ਼ੀ ਸਾਂਝੀ ਕਰਦੇ ਹੋਏ ਕਿਹਾ ਕਿ ਰਾਜਮੁੰਦਰੀ ਹਵਾਈ ਅੱਡੇ ਦੇ ਨਵੇਂ ਟਰਮੀਨਲ ਬਿਲਡਿੰਗ ਦੇ ਸਮਾਰੋਹ ‘ਚ ਸ਼ਾਮਲ ਹੋਣ ਨਾਲ ਖੇਤਰ ਦੇ ਵਿਕਾਸ ਅਤੇ ਤਰੱਕੀ ਨੂੰ ਸ਼ਕਤੀ ਪ੍ਰਦਾਨ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
