ਕੋਲਕਾਤਾ, 29 ਨਵੰਬਰ (ਹਿ.ਸ.)। ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਚੋਟੀ ਦੇ ਨੇਤਾ ਅਮਿਤ ਸ਼ਾਹ ਅੱਜ (ਬੁੱਧਵਾਰ) ਨੂੰ ਕੋਲਕਾਤਾ ਮਹਾਨਗਰ ਦੇ ਧਰਮਤੱਲਾ ਖੇਤਰ ਵਿੱਚ ਇੱਕ ਵਿਸ਼ਾਲ ਜਨਸਭਾ ਨੂੰ ਸੰਬੋਧਿਤ ਕਰਨਗੇ। ਇਸ ਸਥਾਨ ਦਾ ਵਿਸ਼ੇਸ਼ ਮਹੱਤਵ ਹੈ। ਇਹ ਸਥਾਨ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਦੇ ਵਿਸ਼ਾਲ ਸ਼ਹੀਦੀ ਦਿਵਸ ਪ੍ਰੋਗਰਾਮ ਲਈ ਜਾਣਿਆ ਜਾਂਦਾ ਹੈ।
ਭਾਜਪਾ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਸ਼ਾਹ ਲਈ 60 ਫੁੱਟ ਚੌੜਾ ਸਟੇਜ ਬਣਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਕੇਂਦਰੀ ਪੇਂਡੂ ਵਿਕਾਸ ਮੰਤਰੀ ਗਿਰੀਰਾਜ ਸਿੰਘ ਅਤੇ ਸਾਧਵੀ ਨਿਰੰਜਨ ਜੋਤੀ ਵੀ ਮੌਜੂਦ ਰਹਿਣਗੇ। ਬੰਗਾਲ ਭਾਜਪਾ ਦੇ ਪ੍ਰਧਾਨ ਸੁਕਾਂਤ ਮਜੂਮਦਾਰ, ਵਿਰੋਧੀ ਧਿਰ ਦੇ ਨੇਤਾ ਸੁਭੇਂਦੂ ਅਧਿਕਾਰੀ, ਸਾਬਕਾ ਪ੍ਰਧਾਨ ਦਿਲੀਪ ਘੋਸ਼ ਸਮੇਤ ਸਾਰੇ ਵੱਡੇ ਨੇਤਾ ਮੌਜੂਦ ਰਹਿਣਗੇ। ਪੂਰੇ ਬੰਗਾਲ ਤੋਂ ਵਰਕਰ ਗ੍ਰਹਿ ਮੰਤਰੀ ਦੀ ਜਨ ਸਭਾ ਵਿੱਚ ਸ਼ਾਮਲ ਹੋਣ ਲਈ ਇਕੱਠੇ ਹੋਏ ਹਨ।
ਭਾਜਪਾ ਨੇ ਹਾਵੜਾ ਅਤੇ ਸਿਆਲਦਾਹ ਸਟੇਸ਼ਨਾਂ ‘ਤੇ ਕੈਂਪ ਲਾਏ ਹੋਏ ਹਨ। ਇੱਥੇ ਪੁੱਜਣ ਵਾਲੇ ਵਰਕਰਾਂ ਦੇ ਖਾਣ-ਪੀਣ ਅਤੇ ਸਮਾਗਮ ਵਾਲੀ ਥਾਂ ਤੱਕ ਪਹੁੰਚਣ ਦੇ ਪ੍ਰਬੰਧ ਕੀਤੇ ਗਏ ਹਨ। ਸਵੇਰ ਤੋਂ ਹੀ ਵਰਕਰਾਂ ਨੇ ਰੈਲੀ ਦੇ ਰੂਪ ਵਿੱਚ ਹਾਵੜਾ ਅਤੇ ਸਿਆਲਦਾਹ ਸਟੇਸ਼ਨਾਂ ਤੋਂ ਧਰਮਤੱਲਾ ਵੱਲ ਮਾਰਚ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਹਾਵੜਾ ਪੁਲ ਅਤੇ ਹੋਰ ਇਲਾਕਿਆਂ ਵਿੱਚ ਜਾਮ ਲੱਗ ਗਿਆ ਹੈ। ਹਵਾਈ ਅੱਡੇ ਤੋਂ ਲੈ ਕੇ ਸਮਾਗਮ ਵਾਲੀ ਥਾਂ ਤੱਕ ਭਾਜਪਾ ਨੇ ਸ਼ਾਹ ਦੇ ਸਵਾਗਤ ਲਈ ਵੱਡੇ-ਵੱਡੇ ਫੇਸਟੂਨ, ਪੋਸਟਰ ਅਤੇ ਬੈਨਰ ਲਾਏ ਹਨ।
ਪ੍ਰਦੇਸ਼ ਭਾਜਪਾ ਪ੍ਰਧਾਨ ਸੁਕਾਂਤ ਮਜੂਮਦਾਰ ਨੇ ਹਾਵੜਾ, ਸਿਆਲਦਾਹ ਅਤੇ ਹੋਰ ਥਾਵਾਂ ‘ਤੇ ਪਾਰਟੀ ਵਰਕਰਾਂ ਲਈ ਲਗਾਏ ਗਏ ਕੈਂਪਾਂ ਦਾ ਦੌਰਾ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ। ਸ਼ਾਹ ਦੇ ਦੌਰੇ ਨੂੰ ਲੈ ਕੇ ਪੂਰੇ ਮਹਾਨਗਰ ‘ਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਤ੍ਰਿਣਮੂਲ ਕਾਂਗਰਸ ਨੇ 100 ਦਿਨਾਂ ਦੀ ਰੁਜ਼ਗਾਰ ਗਾਰੰਟੀ ਯੋਜਨਾ ਦੇ ਬਕਾਏ ਨੂੰ ਲੈ ਕੇ ਦਿੱਲੀ ‘ਚ ਪ੍ਰਦਰਸ਼ਨ ਕੀਤਾ ਸੀ। ਇਸ ਦੇ ਜਵਾਬ ਵਿੱਚ ਇਹ ਜਨ ਸਭਾ ਦਾ ਆਯੋਜਨ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
