ਮੁੰਬਈ, 29 ਨਵੰਬਰ (ਹਿ. ਸ.)। ਬਾਲੀਵੁੱਡ ਦੇ ਹੈਂਡਸਮ ਹੰਕ ਰਣਦੀਪ ਹੁੱਡਾ ਅੱਜ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਲੀਨ ਲੈਸ਼ਰਾਮ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਰਣਦੀਪ ਸੋਮਵਾਰ ਨੂੰ ਹੀ ਆਪਣੀ ਹੋਣ ਵਾਲੀ ਪਤਨੀ ਨਾਲ ਇੰਫਾਲ ਪਹੁੰਚ ਗਏ। ਇੱਥੇ ਦੋਵਾਂ ਨੇ ਇੰਫਾਲ ਦੇ ਹਿੰਗਾਂਗ ਸਥਿਤ ਮੰਦਰ ‘ਚ ਪੂਜਾ ਕੀਤੀ। ਵਿਆਹ ਦੀਆਂ ਰਸਮਾਂ 29 ਨਵੰਬਰ ਨੂੰ ਦੁਪਹਿਰ ਤੋਂ ਸ਼ੁਰੂ ਹੋ ਕੇ ਰਾਤ ਤੱਕ ਚੱਲਣਗੀਆਂ। ਮਣੀਪੁਰ ਦੀ ਪਰੰਪਰਾ ਦੇ ਅਨੁਸਾਰ, ਜੋੜਾ ਮਣੀਪੁਰੀ ਪਹਿਰਾਵੇ ਵਿੱਚ ਵਿਆਹ ਕਰੇਗਾ। ਅਭਿਨੇਤਾ ਕੁਝ ਕਰੀਬੀ ਰਿਸ਼ਤੇਦਾਰਾਂ ਅਤੇ ਦੋਸਤਾਂ ਦੀ ਮੌਜੂਦਗੀ ‘ਚ ਸੱਤ ਫੇਰੇ ਲੈਣਗੇ।
ਰਣਦੀਪ ਅਤੇ ਲੀਨ ਦੇ ਪ੍ਰਸ਼ੰਸਕ ਇਹ ਜਾਣਨ ਲਈ ਉਤਸੁਕ ਹਨ ਕਿ ਉਹ ਪਹਿਲੀ ਵਾਰ ਕਿੱਥੇ ਅਤੇ ਕਿਵੇਂ ਮਿਲੇ ਸਨ। ਅਦਾਕਾਰਾ ਲੀਨ ਲੈਸ਼ਰਾਮ ਨੇ ਹਾਲ ਹੀ ‘ਚ ਇਸ ਗੱਲ ਦਾ ਖੁਲਾਸਾ ਕੀਤਾ ਹੈ। ਲੀਨ ਨੇ ਕਿਹਾ, ਅਸੀਂ ਪਹਿਲੀ ਵਾਰ ਨਸੀਰੂਦੀਨ ਸ਼ਾਹ ਦੇ ਮੋਟਲੇ ਨਾਮ ਦੇ ਥੀਏਟਰ ਗਰੁੱਪ ਵਿੱਚ ਮਿਲੇ ਸੀ। ਉਹ ਮੇਰੇ ਸੀਨੀਅਰ ਸਨ। ਸਾਡੀ ਪਹਿਲੀ ਮੁਲਾਕਾਤ ਉੱਥੇ ਹੋਈ ਸੀ। ਅਸੀਂ ਚੰਗੇ ਦੋਸਤ ਸੀ ਅਤੇ ਹੁਣ ਅਸੀਂ ਇੱਕ ਨਵਾਂ ਸਫ਼ਰ ਸ਼ੁਰੂ ਕਰ ਰਹੇ ਹਾਂ।
ਰਣਦੀਪ ਅਤੇ ਲੀਨ 2016 ਤੋਂ ਰਿਲੇਸ਼ਨਸ਼ਿਪ ਵਿੱਚ ਹਨ। ਲੀਨ ਮਣੀਪੁਰ ਦੀ ਰਹਿਣ ਵਾਲੀ ਹੈ ਅਤੇ ਪੇਸ਼ੇ ਤੋਂ ਇੱਕ ਮਾਡਲ ਅਤੇ ਅਭਿਨੇਤਰੀ ਹੈ। ਉਹ ਰਣਦੀਪ ਤੋਂ 10 ਸਾਲ ਛੋਟੀ ਹੈ। ਰਣਦੀਪ ਹੁੱਡਾ 47 ਸਾਲ ਦੇ ਹਨ, ਜਦਕਿ ਲੀਨ ਲੈਸ਼ਰਾਮ 37 ਸਾਲ ਦੀ ਹੈ।
ਲੀਨ ਇੰਫਾਲ, ਮਣੀਪੁਰ ਦੀ ਰਹਿਣ ਵਾਲੀ ਹੈ ਅਤੇ ਪ੍ਰਿਯੰਕਾ ਚੋਪੜਾ ਦੀ ਮੈਰੀਕਾਮ ਵਿੱਚ ਨਜ਼ਰ ਆ ਚੁੱਕੀ ਹੈ। ਉਹ ”ਰੰਗੂਨ” ਅਤੇ ”ਉਮਰਿਕਾ” ਫਿਲਮਾਂ ”ਚ ਵੀ ਕੰਮ ਕਰ ਚੁੱਕੀ ਹੈ। ਇੰਨਾ ਹੀ ਨਹੀਂ, ਉਹ ਸ਼ਾਹਰੁਖ ਦੀ ਫਿਲਮ ‘ਓਮ ਸ਼ਾਂਤੀ ਓਮ’ ‘ਚ ਵੀ ਸਕ੍ਰੀਨ ਸ਼ੇਅਰ ਕਰ ਚੁੱਕੀ ਹੈ। ਹਾਲ ਹੀ ‘ਚ ਉਹ ਕਰੀਨਾ ਕਪੂਰ ਦੀ ਫਿਲਮ ‘ਜਾਨੇ ਜਾਨ’ ‘ਚ ਨਜ਼ਰ ਆਈ ਸੀ। ਲੀਨ ਤੀਰਅੰਦਾਜ਼ੀ ਵਿੱਚ ਨਿਪੁੰਨ ਹੈ ਅਤੇ ਤੀਰਅੰਦਾਜ਼ੀ ਵਿੱਚ ਇੱਕ ਜੂਨੀਅਰ ਰਾਸ਼ਟਰੀ ਚੈਂਪੀਅਨ ਬਣ ਚੁੱਕੀ ਹੈ। ਇੰਨਾ ਹੀ ਨਹੀਂ ਉਹ ਬਿਜ਼ਨੈੱਸ ਵੂਮੈਨ ਹੈ। ਉਸਦਾ ਆਪਣਾ ਗਹਿਣਿਆਂ ਦਾ ਕਾਰੋਬਾਰ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
