ਚੰਡੀਗੜ੍ਹ, 27 ਸਤੰਬਰ (ਹਿ. ਸ.)। ਹਰਿਆਣਾ ਵਿੱਚ ਅੱਤਵਾਦੀ ਗਤੀਵਿਧੀਆਂ ’ਚ ਸ਼ਾਮਲ ਸ਼ੱਕੀ ਲੋਕਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਚਾਰ ਜ਼ਿਲਿਆਂ ’ਚ ਦਰਜਨ ਦੇ ਕਰੀਬ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਹੈ। ਹਰਿਆਣਾ ’ਚ ਸਿਰਸਾ, ਫਤਿਹਾਬਾਦ, ਸੋਨੀਪਤ, ਰੋਹਤਕ ’ਚ ਗੈਂਗਸਟਰ ਹਿਮਾਂਸ਼ੂ ਭਾਊ ਦੇ ਘਰ ਸਮੇਤ ਹੋਰ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਐਨਆਈਏ ਦੀ ਟੀਮ ਅੱਜ ਸਵੇਰੇ ਪੰਜਾਬ ਦੀ ਸਰਹੱਦ ਨਾਲ ਲੱਗਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਭੀਮਾ ਪਹੁੰਚੀ ਅਤੇ ਇੱਥੇ ਇੱਕ ਬਾਊਂਸਰ ਦੇ ਘਰ ਛਾਪਾ ਮਾਰਿਆ।
ਦੱਸਿਆ ਜਾ ਰਿਹਾ ਹੈ ਕਿ ਬਾਊਂਸਰ ਲਗਾਤਾਰ ਵਿਦੇਸ਼ੀ ਨੰਬਰਾਂ ’ਤੇ ਗੱਲ ਕਰ ਰਿਹਾ ਹੈ। ਬੁੱਧਵਾਰ ਸਵੇਰੇ ਐੱਨਆਈਏ ਨੇ ਰੋਹਤਕ ਦੇ ਰਿਟੌਲੀ ਪਿੰਡ ’ਚ ਮੋਸਟ ਵਾਂਟੇਡ ਹਿਮਾਂਸ਼ੂ ਉਰਫ ਭਾਊ ਅਤੇ ਉਸ ਦੇ ਸਾਥੀ ਸਾਹਿਲ ਦੇ ਟਿਕਾਣਿਆਂ ’ਤੇ ਛਾਪਾ ਮਾਰਿਆ। ਭਾਊ ਰੋਹਤਕ ਜ਼ਿਲ੍ਹੇ ਦੇ ਪਿੰਡ ਰਿਟੌਲੀ ਦਾ ਰਹਿਣ ਵਾਲਾ ਹੈ। ਉਹ 2020 ਤੋਂ ਫਰਾਰ ਹੈ। ਰੋਹਤਕ ’ਚ ਉਸਦੇ ਖਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਧੋਖਾਧੜੀ, ਗੈਰ-ਕਾਨੂੰਨੀ ਹਥਿਆਰ, ਲੁੱਟ-ਖੋਹ ਅਤੇ ਫਿਰੌਤੀ ਦੇ 10 ਮਾਮਲੇ ਦਰਜ ਹਨ। ਐੱਨਆੲਏ ਨੇ ਫਤਿਹਾਬਾਦ ਦੇ ਪਿੰਡ ਭੜੌਲਾਵਾਲੀ ਵਿੱਚ ਹਰਜੀਤ ਸਿੰਘ ਦੇ ਘਰ ਛਾਪਾ ਮਾਰਿਆ ਹੈ। ਹਰਜੀਤ ਸਿੰਘ ਦੇ ਅੱਤਵਾਦੀ ਅਰਸ਼ ਡੱਲਾ ਨਾਲ ਸਬੰਧ ਦੱਸੇ ਜਾ ਰਹੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
