ਲਖਨਊ, 27 ਸਤੰਬਰ (ਹਿ. ਸ.)। ਖਾਲਿਸਤਾਨੀ ਅੱਤਵਾਦੀਆਂ ਅਤੇ ਉਨ੍ਹਾਂ ਨਾਲ ਜੁੜੇ ਲੋਕਾਂ ’ਤੇ ਕਾਰਵਾਈ ਕਰਦੇ ਹੋਏ ਐੱਨ.ਆਈ.ਏ. ਦੀ ਟੀਮ ਨੇ ਬੁੱਧਵਾਰ ਸਵੇਰੇ ਉੱਤਰ ਪ੍ਰਦੇਸ਼ ਦੇ ਕਈ ਜ਼ਿਲਿਆਂ ’ਚ ਇੱਕੋ ਸਮੇਂ ਛਾਪੇਮਾਰੀ ਕੀਤੀ ਹੈ।
ਸੂਤਰਾਂ ਦੀ ਮੰਨੀਏ ਤਾਂ ਐੱਨ.ਆਈ.ਏ. ਦੀ ਟੀਮ ਨੇ ਉੱਤਰ ਪ੍ਰਦੇਸ਼ ਦੇ ਪੀਲੀਭੀਤ, ਲਖੀਮਪੁਰ ਖੀਰੀ, ਅਲੀਗੜ੍ਹ ਅਤੇ ਸਹਾਰਨਪੁਰ ਜ਼ਿਲ੍ਹਿਆਂ ਵਿੱਚ ਇੱਕੋ ਸਮੇਂ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਟੀਮ ਨੂੰ ਕੁਝ ਅਹਿਮ ਜਾਣਕਾਰੀਆਂ ਵੀ ਮਿਲੀਆਂ। ਹਾਲਾਂਕਿ ਯੂਪੀ ਪੁਲਿਸ ਦਾ ਕੋਈ ਵੀ ਅਧਿਕਾਰੀ ਇਸ ਕਾਰਵਾਈ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਿਹਾ ਹੈ। ਐੱਨ.ਆਈ.ਏ. ਦੀ ਛਾਪੇਮਾਰੀ ਨੂੰ ਲੈ ਕੇ ਸਥਾਨਕ ਪੁਲਿਸ, ਐੱਸ.ਟੀ.ਐੱਫ., ਏ.ਟੀ.ਐੱਸ. ਅਤੇ ਸਥਾਨਕ ਜਾਂਚ ਏਜੰਸੀ ਐੱਲ.ਆਈ.ਯੂ. ਵੀ ਸਰਗਰਮ ਹਨ।
ਉੱਤਰ ਪ੍ਰਦੇਸ਼ ਤੋਂ ਇਲਾਵਾ ਉੱਤਰਾਖੰਡ, ਪੰਜਾਬ, ਰਾਜਸਥਾਨ, ਦਿੱਲੀ, ਝਾਰਖੰਡ ਅਤੇ ਹਰਿਆਣਾ ਸਮੇਤ ਕਈ ਰਾਜਾਂ ’ਚ 50 ਤੋਂ ਵੱਧ ਥਾਵਾਂ ’ਤੇ ਐੱਨ. ਆਈ. ਏ. ਦੀ ਇਹ ਕਾਰਵਾਈ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਖਾਲਿਸਤਾਨ ਸਮਰਥਕਾਂ ’ਤੇ ਸ਼ਿਕੰਜਾ ਕੱਸਣ ਲਈ ਭਾਰਤ ਦੀਆਂ ਸਾਰੀਆਂ ਜਾਂਚ ਏਜੰਸੀਆਂ ਨੇ ਮਿਲ ਕੇ ਇਕ ਵੱਡੀ ਮੀਟਿੰਗ ਕੀਤੀ ਸੀ। ਇਸ ਤੋਂ ਬਾਅਦ ਹੀ ਕਈ ਰਾਜਾਂ ਵਿੱਚ ਛਾਪੇਮਾਰੀ ਸ਼ੁਰੂ ਹੋ ਗਈ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
