ਇੰਦੌਰ, 30 ਸਤੰਬਰ (ਹਿ. ਸ.)। ਦੇਸ਼ ਦਾ ਸਭ ਤੋਂ ਸਾਫ਼ ਸ਼ਹਿਰ ਇੰਦੌਰ ਹੁਣ ਮੈਟਰੋ ਸਿਟੀ ਵੀ ਬਣਨ ਜਾ ਰਿਹਾ ਹੈ। ਅੱਜ (ਸ਼ਨੀਵਾਰ) ਨੂੰ ਇੱਥੇ ਮੈਟਰੋ ਟਰੇਨ ਦਾ ਟ੍ਰਾਇਲ ਰਨ ਹੋਵੇਗਾ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸ਼ਾਮ 5:00 ਵਜੇ ਸ਼ਹਿਰ ਦੇ ਗਾਂਧੀਨਗਰ ਮੈਟਰੋ ਡਿਪੂ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਇੰਦੌਰ ਮੈਟਰੋ ਟ੍ਰਾਇਲ ਰਨ ਨੂੰ ਹਰੀ ਝੰਡੀ ਦੇਣਗੇ। ਇਸ ਮੌਕੇ ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਮੰਤਰੀ ਭੁਪਿੰਦਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਲੋਕ ਸੰਪਰਕ ਅਧਿਕਾਰੀ ਮਹੀਪਾਲ ਅਜੈ ਨੇ ਦੱਸਿਆ ਕਿ ਇੰਦੌਰ ਵਿੱਚ ਮੈਟਰੋ ਟਰੇਨ ਦਾ ਟ੍ਰਾਇਲ 6 ਕਿਲੋਮੀਟਰ ਦਾ ਹੋਵੇਗਾ। ਮੁੱਖ ਮੰਤਰੀ ਚੌਹਾਨ ਟਰੇਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ ਅਤੇ ਟ੍ਰਾਇਲ ਰਨ ਦੀ ਨਿਰਧਾਰਿਤ ਦੂਰੀ ਤੱਕ ਇਸ ਵਿੱਚ ਬੈਠ ਕੇ ਯਾਤਰਾ ਕਰਨਗੇ। ਗਾਂਧੀਨਗਰ ਡਿਪੂ ‘ਤੇ ਤਿਆਰ ਕੀਤੇ ਗਏ ਇਸ ਗੁੰਬਦ ‘ਚ ਛੇ ਹਜ਼ਾਰ ਆਮ ਲੋਕਾਂ ਦੇ ਨਾਲ-ਨਾਲ ਵੱਖ-ਵੱਖ ਸੰਸਥਾਵਾਂ, ਵਪਾਰੀ ਅਤੇ ਹੋਰ ਲੋਕ ਹਿੱਸਾ ਲੈਣਗੇ। ਮੈਟਰੋ ਟਰੇਨ ਦੇ ਤਿੰਨ ਕੋਚ ਹੋਣਗੇ। ਇਸ ਦੀ ਕੁੱਲ ਯਾਤਰੀ ਸਮਰੱਥਾ 900 ਹੋਵੇਗੀ। ਭਵਿੱਖ ਵਿੱਚ ਇੰਦੌਰ ਵਿੱਚ 25 ਮੈਟਰੋ ਟਰੇਨਾਂ ਚੱਲਣਗੀਆਂ, ਜੋ ਲਗਭਗ ਸੱਤ ਲੱਖ ਯਾਤਰੀਆਂ ਨੂੰ ਸਫਰ ਕਰਵਾਉਣਗੀਆਂ।
ਸਥਾਨਕ ਸੰਸਦ ਮੈਂਬਰ ਸ਼ੰਕਰ ਲਾਲਵਾਨੀ ਨੇ ਇੰਦੌਰ ਦੇ ਲੋਕਾਂ ਨੂੰ ਇਸ ਮਹੱਤਵਪੂਰਨ ਮੌਕੇ ‘ਤੇ ਵੱਡੀ ਗਿਣਤੀ ‘ਚ ਹਾਜ਼ਰੀ ਭਰ ਕੇ ਦੇਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਸਾਰਿਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸੂਬੇ ਵਿੱਚ ਸਭ ਤੋਂ ਪਹਿਲਾਂ ਸਾਡੇ ਸ਼ਹਿਰ ਵਿੱਚ ਮੈਟਰੋ ਸ਼ੁਰੂ ਹੋਣ ਜਾ ਰਹੀ ਹੈ। ਅਸੀਂ ਮੈਟਰੋ ਸੰਚਾਲਨ ਵਿੱਚ ਵੀ ਰਾਜ ਵਿੱਚ ਸਿਖਰ ‘ਤੇ ਹਾਂ। ਉਨ੍ਹਾਂ ਕਿਹਾ ਕਿ ਇੰਦੌਰ ਵਿੱਚ ਨਵਾਂ ਇਤਿਹਾਸ ਲਿਖਿਆ ਜਾ ਰਿਹਾ ਹੈ। ਸਾਰਿਆਂ ਨੂੰ ਇਸ ਇਤਿਹਾਸ ਦਾ ਗਵਾਹ ਬਣਨਾ ਚਾਹੀਦਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
