ਵਾਸ਼ਿੰਗਟਨ, 28 ਜਨਵਰੀ (ਹਿ.ਸ.)। ਅਮਰੀਕਾ ਸਮੇਤ ਕਈ ਦੇਸ਼ਾਂ ਨੇ ਫਲਸਤੀਨ ’ਚ ਸ਼ਰਨਾਰਥੀਆਂ ਲਈ ਕੰਮ ਕਰ ਰਹੀ ਸੰਯੁਕਤ ਰਾਸ਼ਟਰ ਰਾਹਤ ਕਾਰਜ ਏਜੰਸੀ (ਯੂ.ਐੱਨ.ਆਰ.ਡਬਲਯੂ.ਏ.) ਨੂੰ ਫੰਡ (ਵਿੱਤੀ ਸਹਾਇਤਾ) ਰੋਕ ਦਿੱਤੀ ਹੈ। ਦਰਅਸਲ, ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਸੰਯੁਕਤ ਰਾਸ਼ਟਰ ਦੀ ਇਸ ਏਜੰਸੀ ਦੇ 12 ਕਰਮਚਾਰੀਆਂ ਨੇ ਪਿਛਲੇ ਸਾਲ 7 ਅਕਤੂਬਰ ਨੂੰ ਦੇਸ਼ ਵਿੱਚ ਕੀਤੇ ਗਏ ਹਮਲੇ ਵਿੱਚ ਫਲਸਤੀਨੀ ਅੱਤਵਾਦੀ ਸੰਗਠਨ ਹਮਾਸ ਦੀ ਮਦਦ ਕੀਤੀ।
ਦਿ ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ ਜਰਮਨੀ, ਬ੍ਰਿਟੇਨ ਅਤੇ ਘੱਟੋ-ਘੱਟ ਚਾਰ ਹੋਰ ਦੇਸ਼ਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਗਾਜ਼ਾ ਪੱਟੀ ’ਚ ਫਲਸਤੀਨੀ ਨਾਗਰਿਕਾਂ ਨੂੰ ਭੋਜਨ, ਪਾਣੀ ਅਤੇ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਏਜੰਸੀ ਲਈ ਫੰਡਿੰਗ ਨੂੰ ਮੁਅੱਤਲ ਕਰ ਰਹੇ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਅਮਰੀਕਾ ਨੇ ਵੀ ਅਜਿਹਾ ਹੀ ਐਲਾਨ ਕੀਤਾ ਸੀ।
ਇਸ ਰਿਪੋਰਟ ਮੁਤਾਬਕ ਇਜ਼ਰਾਈਲ ਦੇ ਦੋਸ਼ਾਂ ਤੋਂ ਬਾਅਦ ਸੰਯੁਕਤ ਰਾਸ਼ਟਰ ਨੇ ਯੂਐੱਨਆਰਡਬਲਯੂਏ ਦੇ ਇਨ੍ਹਾਂ 12 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਪਰ ਇਨ੍ਹਾਂ ਦੇ ਵੇਰਵੇ ਜਨਤਕ ਨਹੀਂ ਕੀਤੇ ਹਨ। ਸੰਯੁਕਤ ਰਾਸ਼ਟਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਜ਼ਰਾਈਲ ਦੇ ਦੋਸ਼ਾਂ ਨੂੰ ਬਹੁਤ ਗੰਭੀਰ ਅਤੇ ਭਿਆਨਕ ਦੱਸਿਆ ਹੈ।
ਵਰਣਨਯੋਗ ਹੈ ਕਿ ਸੰਯੁਕਤ ਰਾਸ਼ਟਰ ਰਾਹਤ ਕਾਰਜ ਏਜੰਸੀ ਦਾ ਗਠਨ 1948 ਵਿਚ ਹੋਇਆ ਸੀ। ਇਜ਼ਰਾਈਲ ਦੇ ਤਾਜ਼ਾ ਦੋਸ਼ਾਂ ਤੋਂ ਬਾਅਦ ਅਮਰੀਕਾ, ਬ੍ਰਿਟੇਨ, ਨੀਦਰਲੈਂਡ, ਸਵਿਟਜ਼ਰਲੈਂਡ, ਫਿਨਲੈਂਡ, ਕੈਨੇਡਾ, ਆਸਟ੍ਰੇਲੀਆ, ਜਰਮਨੀ ਅਤੇ ਇਟਲੀ ਨੇ ਇਸ ਏਜੰਸੀ ਨੂੰ ਵਿੱਤੀ ਸਹਾਇਤਾ ਰੋਕਣ ਦਾ ਐਲਾਨ ਕੀਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ ਕਿ ਅਮਰੀਕਾ ਇਨ੍ਹਾਂ ਦੋਸ਼ਾਂ ਤੋਂ ਬਹੁਤ ਪਰੇਸ਼ਾਨ ਹੈ ਕਿ 7 ਅਕਤੂਬਰ ਨੂੰ ਇਜ਼ਰਾਈਲ ‘ਤੇ ਹਮਾਸ ਦੇ ਅੱਤਵਾਦੀ ਹਮਲੇ ‘ਚ ਏਜੰਸੀ ਦੇ 12 ਕਰਮਚਾਰੀ ਸ਼ਾਮਲ ਹੋ ਸਕਦੇ ਹਨ।
