ਇਸਲਾਮਾਬਾਦ, 24 ਮਾਰਚ : ਪਾਕਿਸਤਾਨ ਨੇ ਭਾਰਤ ਨਾਲ ਵਪਾਰਕ ਸਬੰਧ ਦੁਬਾਰਾ ਬਹਾਲ ਕਰਨ ਦਾ ਸੰਕੇਤ ਦਿੱਤਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਮੁਹੰਮਦ ਇਸ਼ਾਕ ਡਾਰ ਨੇ ਭਾਰਤ ਨਾਲ ਵਪਾਰਕ ਸਬੰਧ ਬਹਾਲ ਕਰਨ ‘ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਇੱਛਾ ਜ਼ਾਹਰ ਕੀਤੀ।
ਜੀਓ ਨਿਊਜ਼ ਮੁਤਾਬਕ ਨਿਊਕਲੀਅਰ ਐਨਰਜੀ ਸਮਿਟ ਤੋਂ ਬਾਅਦ ਲੰਡਨ ‘ਚ ਪ੍ਰੈੱਸ ਕਾਨਫਰੰਸ ਦੌਰਾਨ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਕਿਹਾ ਕਿ ਪਾਕਿਸਤਾਨ ਦਾ ਵਪਾਰਕ ਭਾਈਚਾਰਾ ਭਾਰਤ ਨਾਲ ਵਪਾਰਕ ਗਤੀਵਿਧੀਆਂ ਮੁੜ ਸ਼ੁਰੂ ਕਰਨ ਲਈ ਉਤਸੁਕ ਹੈ। ਪਾਕਿਸਤਾਨ ਭਾਰਤ ਨਾਲ ਵਪਾਰਕ ਸਬੰਧਾਂ ਨੂੰ ਦੁਬਾਰਾ ਬਹਾਲ ਕਰਨ ‘ਤੇ ਗੰਭੀਰਤਾ ਨਾਲ ਵਿਚਾਰ ਕਰੇਗਾ। ਡਾਰ ਨੇ ਕਿਹਾ ਕਿ ਅਸੀਂ ਸਾਰੇ ਹਿੱਸੇਦਾਰਾਂ ਨਾਲ ਬੈਠਾਂਗੇ ਅਤੇ ਦੇਖਾਂਗੇ ਕਿ ਆਰਥਿਕ ਗਤੀਵਿਧੀਆਂ ਅਤੇ ਵਪਾਰ ਨੂੰ ਲੈ ਕੇ ਕੀ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਨੇ ਜੰਮੂ-ਕਸ਼ਮੀਰ ‘ਚ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਪਾਕਿਸਤਾਨ ਨੇ ਵਪਾਰਕ ਸਬੰਧਾਂ ਨੂੰ ਇਕਤਰਫਾ ਬੰਦ ਕਰਨ ਦਾ ਫੈਸਲਾ ਕੀਤਾ ਸੀ। ਪਾਕਿਸਤਾਨ ਨੇ ਧਾਰਾ 370 ਨੂੰ ਬਹਾਲ ਕਰਨ ਦੀ ਮੰਗ ਕੀਤੀ ਸੀ, ਜਿਸ ਨੂੰ ਭਾਰਤ ਨੇ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਸੀ। ਦੋਵੇਂ ਦੇਸ਼ਾਂ ਵਿਚਕਾਰ ਇਸ ਕਾਰਨ ਆਏ ਤਣਾਅ ਦੇ ਬਾਵਜੂਦ ਦੋਵੇ ਦੇਸ਼ ਫਰਵਰੀ 2021 ਵਿੱਚ ਕੰਟਰੋਲ ਰੇਖਾ ’ਤੇ 2003 ਦੇ ਜੰਗਬੰਦੀ ਸਮਝੌਤੇ ਨੂੰ ਰੀਨਿਊ ਕਰਨ ਲਈ ਸਹਿਮਤ ਹੋਏ।
