ਨਵੀਂ ਦਿੱਲੀ, 24 ਮਾਰਚ (ਹਿ.ਸ.)। ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਚੋਣ ਜ਼ਾਬਤਾ ਲਾਗੂ ਹੁੰਦੇ ਹੀ ਦਿੱਲੀ ਪੁਲਿਸ ਨੂੰ ਪਹਿਲੀ ਵੱਡੀ ਕਾਮਯਾਬੀ ਮਿਲੀ ਹੈ। ਦਿੱਲੀ ਕੈਂਟ ਥਾਣੇ ਦੀ ਸੁਬਰੋਤੋ ਪਾਰਕ ਚੌਕੀ ਨੇ ਲੋਕ ਸਭਾ ਚੋਣਾਂ ਲਈ ਦਿੱਲੀ ਲਿਆਂਦੀ ਗਈ 3 ਕਰੋੜ ਰੁਪਏ ਦੀ ਰਕਮ ਜ਼ਬਤ ਕੀਤੀ ਹੈ। ਨਾਲ ਹੀ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਵੱਡੀ ਰਕਮ ਹਵਾਲਾ ਦੀ ਸੀ। ਇਸ ਤੋਂ ਬਾਅਦ ਆਮਦਨ ਕਰ ਵਿਭਾਗ ਨੂੰ ਸੂਚਨਾ ਦਿੱਤੀ ਗਈ ਤਾਂ ਵਿਭਾਗ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਮੁਤਾਬਕ ਦਿੱਲੀ ਕੈਂਟ ਪੁਲਿਸ ਸਟੇਸ਼ਨ ਦੀ ਟੀਮ ਨੂੰ ਗੁਰੂਗ੍ਰਾਮ ਤੋਂ ਸੂਚਨਾ ਮਿਲੀ ਸੀ ਕਿ ਐਨਐਚ-48 ਤੋਂ ਦਿੱਲੀ ਦੇ ਸ਼ਾਹਦਰਾ ਇਲਾਕੇ ‘ਚ ਦੋ ਸਕੂਟੀਆਂ ‘ਤੇ ਹਵਾਲਾ ਦਾ ਪੈਸਾ ਲਿਆਂਦਾ ਜਾ ਰਿਹਾ ਹੈ। ਪੁਲਿਸ ਟੀਮ ਨੇ ਝਰੇਰਾ ਐਨਐਚ 48 ਨੇੜੇ ਨਾਕਾ ਲਗਾ ਕੇ ਚੈਕਿੰਗ ਸ਼ੁਰੂ ਕਰ ਦਿੱਤੀ। 100 ਤੋਂ ਵੱਧ ਦੋ ਪਹੀਆ ਵਾਹਨਾਂ ਨੂੰ ਰੋਕਣ ਤੋਂ ਬਾਅਦ ਗੁਰੂਗ੍ਰਾਮ ਵੱਲੋਂ ਆ ਰਹੀਆਂ ਦੋ ਸਕੂਟੀਆਂ ਨੂੰ ਰੋਕਿਆ ਗਿਆ। ਸਕੂਟੀਆਂ ‘ਤੇ ਦੋ ਵੱਡੇ ਬੈਗ ਰੱਖੇ ਹੋਏ ਸਨ। ਜਦੋਂ ਸਕੂਟੀ ਚਾਲਕਾਂ ਤੋਂ ਬੈਗ ਵਿੱਚ ਰੱਖੀ 3 ਕਰੋੜ ਰੁਪਏ ਦੀ ਰਕਮ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਰਕਮ ਮੁਹੰਮਦ ਵਕੀਲ ਮਲਿਕ ਨਾਮਕ ਵਿਅਕਤੀ ਦੀ ਹੈ ਜੋ ਸ਼ਾਹਦਰਾ ਵਿੱਚ ਸਕਰੈਪ ਡੀਲਰ ਦਾ ਕੰਮ ਕਰਦਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੁਹੰਮਦ ਸੋਮੀਨ (26), ਜ਼ੀਸ਼ਾਨ (27), ਦਾਨਿਸ਼ (22) ਅਤੇ ਸੰਤੋਸ਼ (22) ਵਾਸੀ ਸ਼ਾਹਦਰਾ ਵਜੋਂ ਹੋਈ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
