ਯੇਰੂਸ਼ਲਮ, 31 ਜਨਵਰੀ : ਇਜ਼ਰਾਈਲੀ ਬਲਾਂ ਨੇ ਮੰਗਲਵਾਰ ਨੂੰ ਵੈਸਟ ਬੈਂਕ ਦੇ ਇਕ ਹਸਪਤਾਲ ‘ਤੇ ਛਾਪਾ ਮਾਰ ਕੇ ਤਿੰਨ ਫਲਸਤੀਨੀ ਅੱਤਵਾਦੀਆਂ ਨੂੰ ਮਾਰ ਦਿੱਤਾ। ਇਜ਼ਰਾਈਲੀ ਫੌਜ ਦੇ ਸਿਪਾਹੀ ਔਰਤਾਂ ਅਤੇ ਮੈਡੀਕਲ ਕਰਮਚਾਰੀਆਂ ਦੇ ਭੇਸ ਵਿਚ ਹਸਪਤਾਲ ਵਿਚ ਦਾਖਲ ਹੋਏ, ਜਿਨ੍ਹਾਂ ਨੇ ਹਸਪਤਾਲ ਕਰਮਚਾਰੀਆਂ ਨੂੰ ਹੈਰਾਨ ਕਰ ਦਿੱਤਾ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਹਸਪਤਾਲਾਂ ‘ਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਰੋਕਣ ਲਈ ਇਜ਼ਰਾਈਲੀ ਫੌਜ ‘ਤੇ ਦਬਾਅ ਬਣਾਉਣ ਦੀ ਅਪੀਲ ਕੀਤੀ ਹੈ। ਕਿਹਾ, ਪਿਛਲੇ 24 ਘੰਟਿਆਂ ‘ਚ ਗਾਜ਼ਾ ‘ਚ 114 ਫਲਸਤੀਨੀ ਮਾਰੇ ਗਏ ਹਨ ਅਤੇ 249 ਲੋਕ ਜ਼ਖਮੀ ਹੋਏ ਹਨ।
ਫਲਸਤੀਨੀ ਸਿਹਤ ਮੰਤਰਾਲੇ ਨੇ ਕਿਹਾ ਕਿ ਇਜ਼ਰਾਈਲੀ ਬਲਾਂ ਨੇ ਵੈਸਟ ਬੈਂਕ ਦੇ ਜੇਨਿਨ ਟਾਉਨ ’ਚ ਆਈਬੀਐੱਨ ਸਿਨਾ ਹਸਪਤਾਲ ਕੰਪਲੈਕਸ ‘ਤੇ ਹਮਲਾ ਬੋਲਿਆ। ਹਸਪਤਾਲ ਦੇ ਬੁਲਾਰੇ ਨੇ ਕਿਹਾ ਕਿ ਕੋਈ ਜਵਾਬੀ ਕਾਰਵਾਈ ਨਹੀਂ ਹੋਈ, ਮਤਲਬ ਇਹ ਇੱਕ ਨਿਸ਼ਾਨਾਬੱਧ ਹਮਲਾ ਸੀ। ਉੱਥੇ ਹੀ ਇਜ਼ਰਾਈਲੀ ਫੌਜ ਨੇ ਬਿਨਾਂ ਕੋਈ ਸਬੂਤ ਦਿੱਤੇ ਆਪਣੀ ਕਾਰਵਾਈ ਦਾ ਬਚਾਅ ਕੀਤਾ ਕਿ ਅੱਤਵਾਦੀ ਲੁਕਣ ਲਈ ਹਸਪਤਾਲ ਦੀ ਵਰਤੋਂ ਕਰ ਰਹੇ ਹਨ। ਇਜ਼ਰਾਇਲੀ ਬਲਾਂ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ‘ਚ ਇਕ ਹਮਾਸ ਦਾ ਮੈਂਬਰ ਸੀ, ਦੂਜਾ ਹਮਾਸ ਦੇ ਸਹਿਯੋਗੀ ਇਸਲਾਮਿਕ ਜੇਹਾਦ ਨਾਲ ਜੁੜਿਆ ਹੋਇਆ ਅਤੇ ਤੀਜਾ ਜੇਨਿਨ ਦਾ ਸਥਾਨਕ ਅੱਤਵਾਦੀ ਸੀ। ਦਾਅਵਾ ਕੀਤਾ ਕਿ ਉਨ੍ਹਾਂ ਵਿਚੋਂ ਇਕ ਹਮਲਾ ਕਰਨ ਦੀ ਯੋਜਨਾ ਦੇ ਹਿੱਸੇ ਵਜੋਂ ਹਥਿਆਰ ਅਤੇ ਗੋਲਾ ਬਾਰੂਦ ਇਕੱਠਾ ਕਰਨ ਵਿਚ ਰੁੱਝਿਆ ਹੋਇਆ ਸੀ। ਇੰਟਰਨੈੱਟ ਮੀਡੀਆ ‘ਤੇ ਪ੍ਰਸਾਰਿਤ ਹਸਪਤਾਲ ਸੁਰੱਖਿਆ ਕੈਮਰੇ ਦੀ ਫੁਟੇਜ ਵਿਚ ਇਕ ਦਰਜਨ ਦੇ ਕਰੀਬ ਗੁਪਤ ਫੋਰਸ ਦੇ ਕਰਮਚਾਰੀ ਦਿਖਾਈ ਦਿੱਤੇ, ਜਿਨ੍ਹਾਂ ਵਿਚੋਂ ਜ਼ਿਆਦਾਤਰ ਹਥਿਆਰਬੰਦ ਸਨ। ਉਨ੍ਹਾਂ ਨੇ ਔਰਤਾਂ ਅਤੇ ਮੈਡੀਕਲ ਕਰਮਚਾਰੀਆਂ ਦੇ ਕੱਪੜੇ ਪਾਏ ਹੋਏ ਸਨ। ਸਰਜੀਕਲ ਮਾਸਕ ਪਹਿਨੇ ਇੱਕ ਵਿਅਕਤੀ ਨੇ ਇੱਕ ਹੱਥ ਵਿੱਚ ਰਾਈਫਲ ਅਤੇ ਦੂਜੇ ਵਿੱਚ ਇੱਕ ਫੋਲਡ ਵ੍ਹੀਲਚੇਅਰ ਫੜੀ ਹੋਈ ਸੀ। ਇਜ਼ਰਾਈਲੀ ਬਲਾਂ ਨੇ ਪਿਛਲੇ ਹਫ਼ਤੇ ਗਾਜ਼ਾ ਵਿੱਚ ਮਾਰੇ ਗਏ ਦਰਜਨਾਂ ਫਲਸਤੀਨੀਆਂ ਦੀਆਂ ਲਾਸ਼ਾਂ ਫਲਸਤੀਨੀ ਅਥਾਰਟੀ ਨੂੰ ਸੌਂਪ ਦਿੱਤੀਆਂ ਹਨ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਤੁਰੰਤ ਪੁਸ਼ਟੀ ਨਹੀਂ ਕੀਤੀ ਕਿ ਕਿੰਨੀਆਂ ਲਾਸ਼ਾਂ ਨੂੰ ਸੌਂਪਿਆ ਗਿਆ ਸੀ। ਹਾਲਾਂਕਿ ਸਥਾਨਕ ਨਿਵਾਸੀਆਂ ਨੇ ਇਹ ਗਿਣਤੀ 100 ਦੇ ਕਰੀਬ ਦੱਸੀ।
ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਪਿਛਲੇ ਸਾਲ 7 ਅਕਤੂਬਰ ਤੋਂ ਲੈ ਕੇ ਹੁਣ ਤੱਕ ਇਜ਼ਰਾਇਲੀ ਹਮਲਿਆਂ ‘ਚ 26,751 ਫਲਸਤੀਨੀ ਮਾਰੇ ਗਏ ਹਨ ਜਦਕਿ 65,636 ਲੋਕ ਜ਼ਖਮੀ ਹੋਏ ਹਨ। ਇਜ਼ਰਾਈਲ, ਕਤਰ, ਮਿਸਰ ਅਤੇ ਅਮਰੀਕਾ ਵੱਲੋਂ ਬੰਧਕਾਂ ਦੀ ਰਿਹਾਈ ਅਤੇ ਸਥਾਈ ਜੰਗਬੰਦੀ ਲਈ ਯਤਨ ਜਾਰੀ ਹਨ। ਹਮਾਸ ਜੰਗਬੰਦੀ ਸਮਝੌਤੇ ਦੇ ਪ੍ਰਸਤਾਵ ਦਾ ਅਧਿਐਨ ਕਰ ਰਿਹਾ ਹੈ। ਇਸ ਦੌਰਾਨ, ਇਜ਼ਰਾਈਲ ਵਿੱਚ ਨੇਤਨਯਾਹੂ ਸਰਕਾਰ ਨੂੰ ਉਸਦੇ ਸੱਜੇ-ਪੱਖੀ ਸਹਿਯੋਗੀਆਂ ਦੁਆਰਾ ਧਮਕੀ ਦਿੱਤੀ ਗਈ ਹੈ ਕਿ ਜੇਕਰ ਕੋਈ ਸਮਝੌਤਾ ਲਾਪਰਵਾਹੀ ਨਾਲ ਕੀਤਾ ਗਿਆ ਤਾਂ ਉਹ ਸਰਕਾਰ ਤੋਂ ਸਮਰਥਨ ਵਾਪਸ ਲੈ ਲੈਣਗੇ।
