ਵਾਸ਼ਿੰਗਟਨ, 27 ਫਰਵਰੀ । ਇਜ਼ਰਾਈਲ ਅਤੇ ਹਮਾਸ ਦਰਮਿਆਨ ਗਾਜ਼ਾ ਵਿੱਚ ਜੰਗ ਕਾਰਨ ਮੱਧ ਪੂਰਬ ਵਿੱਚ ਛਾਏ ਸੰਕਟ ਦੇ ਬੱਦਲ ਜਲਦੀ ਹੀ ਦੂਰ ਹੋਣ ਦੀ ਸੰਭਾਵਨਾ ਹੈ। ਵਿਚੋਲਗੀ ਕਰਨ ਵਾਲੇ ਦੇਸ਼ ਇਜ਼ਰਾਈਲ ਅਤੇ ਹਮਾਸ ਵਿਚਕਾਰ ਅਸਥਾਈ ਜੰਗਬੰਦੀ ਸਮਝੌਤੇ ਵੱਲ ਤੇਜ਼ੀ ਨਾਲ ਵਧ ਰਹੇ ਹਨ। ਇਸ ਗੱਲਬਾਤ ਨਾਲ ਜੁੜੇ ਦੋ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਜ਼ਰਾਈਲ ਗੰਭੀਰ ਅਪਰਾਧਾਂ ਦੇ ਦੋਸ਼ੀ ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰਨ ਲਈ ਸਹਿਮਤ ਹੋ ਗਿਆ ਹੈ। ਹਾਲਾਂਕਿ ਹਮਾਸ ਨੇ ਅਜੇ ਤੱਕ ਇਸ ਪ੍ਰਸਤਾਵ ‘ਤੇ ਹਾਂ-ਪੱਖੀ ਹੁੰਗਾਰਾ ਨਹੀਂ ਭਰਿਆ ਹੈ। ਅਮਰੀਕੀ ਅਖਬਾਰ ‘ਨਿਊਯਾਰਕ ਟਾਈਮਜ਼’ ਦੀ ਰਿਪੋਰਟ ਨੇ ਇਸ ਦਿਸ਼ਾ ‘ਚ ਚੱਲ ਰਹੇ ਯਤਨਾਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।
ਦ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਇਜ਼ਰਾਈਲ ਦੇ ਰੁਖ ’ਚ ਬਦਲਾਅ ਨਾਲ ਬੰਧਕਾਂ ਦੀ ਅਦਲਾ-ਬਦਲੀ ਅਤੇ ਸੰਭਾਵਿਤ ਜੰਗਬੰਦੀ ‘ਤੇ ਜਲਦੀ ਹੀ ਕੋਈ ਠੋਸ ਫੈਸਲਾ ਲਿਆ ਜਾ ਸਕਦਾ ਹੈ। ਪ੍ਰਸਤਾਵ ਵਿੱਚ ਇਜ਼ਰਾਇਲੀ ਬੰਧਕਾਂ ਅਤੇ ਅੱਤਵਾਦ ਦੇ ਦੋਸ਼ੀ ਫਲਸਤੀਨੀਆਂ ਦੀ ਰਿਹਾਈ ਸ਼ਾਮਲ ਹੈ। ਸੰਯੁਕਤ ਰਾਸ਼ਟਰ ਦੀ ਸਿਖਰਲੀ ਅਦਾਲਤ ਦੇ ਹੁਕਮਾਂ ‘ਤੇ ਇਜ਼ਰਾਈਲ ਨੇ ਗਾਜ਼ਾ ‘ਚ ਨਸਲਕੁਸ਼ੀ ਨੂੰ ਰੋਕਣ ਦੇ ਉਪਾਵਾਂ ‘ਤੇ ਰਿਪੋਰਟ ਪੇਸ਼ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦਾ ਕਹਿਣਾ ਹੈ ਕਿ ਉਹ ਗਾਜ਼ਾ ਵਿੱਚ ਇੱਕ ਹਫ਼ਤੇ ਦੇ ਅੰਦਰ ਜੰਗਬੰਦੀ ਦੀ ਉਮੀਦ ਕਰਦੇ ਹਨ। ਇਸ ਦੌਰਾਨ ਫਲਸਤੀਨੀ ਅਥਾਰਟੀ ਦੀ ਸਰਕਾਰ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ।
ਵਿਚੋਲਗੀ ਦੀਆਂ ਕੋਸ਼ਿਸ਼ਾਂ ਦੀ ਜਾਣਕਾਰੀ ਵਾਲੇ ਦੋ ਅਧਿਕਾਰੀਆਂ ਦੇ ਅਨੁਸਾਰ, ਇਜ਼ਰਾਈਲੀ ਵਾਰਤਾਕਾਰ ਨਿੱਜੀ ਤੌਰ ‘ਤੇ ਇੱਕ ਅਮਰੀਕੀ ਪ੍ਰਸਤਾਵ ਲਈ ਸਹਿਮਤ ਹੋਏ ਹਨ। ਪ੍ਰਸਤਾਵ ਵਿੱਚ ਕਿਹਾ ਗਿਆ ਹੈ ਕਿ ਇਜ਼ਰਾਈਲ ਅੱਤਵਾਦ ਦੇ ਦੋਸ਼ਾਂ ਵਿੱਚ ਦੋਸ਼ੀ ਠਹਿਰਾਏ ਗਏ 15 ਫਲਸਤੀਨੀਆਂ ਨੂੰ ਰਿਹਾਅ ਕਰੇਗਾ। ਇਸਦੇ ਬਦਲੇ ਵਿੱਚ ਹਮਾਸ ਪੰਜ ਮਹਿਲਾ ਇਜ਼ਰਾਈਲੀ ਸੈਨਿਕਾਂ ਨੂੰ ਰਿਹਾਅ ਕਰੇਗਾ। ਇਸ ਪ੍ਰਸਤਾਵ ‘ਤੇ ਮਿਸਰ, ਕਤਰ ਅਤੇ ਅਮਰੀਕਾ ਵਿਚਾਲੇ ਪਿਛਲੇ ਹਫਤੇ ਪੈਰਿਸ ‘ਚ ਚਰਚਾ ਹੋ ਚੁੱਕੀ ਹੈ। ਹਮਾਸ ਅਤੇ ਇਜ਼ਰਾਈਲ ਇਸ ’ਤੇ ਲਗਭਗ ਸਹਿਮਤ ਹਨ। ਦਿ ਨਿਊਯਾਰਕ ਟਾਈਮਜ਼ ਮੁਤਾਬਕ ਇਸ ‘ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫਤਰ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸਮਝੌਤੇ ਵਿੱਚ ਹਮਾਸ ਇਹ ਵੀ ਚਾਹੁੰਦਾ ਹੈ ਕਿ ਜੰਗਬੰਦੀ ਦੀ ਮਿਆਦ ਤੱਕ ਇਜ਼ਰਾਈਲੀ ਫੌਜਾਂ ਗਾਜ਼ਾ ਤੋਂ ਹਟ ਜਾਣ।
