ਕੀਵ, 26 ਫਰਵਰੀ ਰੂਸ-ਯੂਕ੍ਰੇਨ ਵਿਚਾਕਰ ਜਾਰੀ ਯੁੱਧ ਦੇ ਦੋ ਸਾਲ ਪੂਰੇ ਹੋਣ ’ਤੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਐਤਵਾਰ ਨੂੰ ਕਿਹਾ ਕਿ ਰੂਸ ਦੁਆਰਾ ਹਮਲਾ ਸ਼ੁਰੂ ਕਰਨ ਤੋਂ ਬਾਅਦ ਪਿਛਲੇ ਦੋ ਸਾਲਾਂ ਵਿੱਚ 31,000 ਯੂਕ੍ਰੇਨੀ ਸੈਨਿਕ ਮਾਰੇ ਗਏ ਹਨ। ਹਥਿਆਰਾਂ ਅਤੇ ਗੋਲਾ ਬਾਰੂਦ ਦੀ ਘਾਟ ਕਾਰਨ, ਯੂਕ੍ਰੇਨ ਦੀ ਫੌਜ ਹੁਣ ਆਪਣੀ ਜ਼ਮੀਨ ਗੁਆ ਰਹੀ ਹੈ ਅਤੇ ਸੈਨਿਕ ਮਾਰੇ ਜਾ ਰਹੇ ਹਨ। ਇਹ ਰੂਸ ਨਾਲ ਜੰਗ ‘ਤੇ ਯੂਕ੍ਰੇਨੀ ਫੌਜ ਦੀ ਤਾਜ਼ਾ ਤਸਵੀਰ ਹੈ। ਇਸਦੀ ਜਾਣਕਾਰੀ ਦਿੰਦਿਆਂ ਯੂਕ੍ਰੇਨ ਦੇ ਰੱਖਿਆ ਮੰਤਰੀ ਰੁਸਤਮ ਉਮੇਰੋਵ ਨੇ ਪੱਛਮੀ ਦੇਸ਼ਾਂ ਨੂੰ ਬਿਨਾਂ ਦੇਰੀ ਫੌਜੀ ਸਹਾਇਤਾ ਭੇਜਣ ਦੀ ਬੇਨਤੀ ਕੀਤੀ ਹੈ।
ਜ਼ੇਲੇਂਸਕੀ ਨੇ ਕੀਵ ’ਚ ‘ਯੂਕ੍ਰੇਨ: ਈਅਰ 2024’ ਫੋਰਮ ਵਿੱਚ ਕਿਹਾ, ਇਸ ਯੁੱਧ ਵਿੱਚ 31,000 ਯੂਕ੍ਰੇਨੀ ਫੌਜੀ ਮਾਰੇ ਗਏ ਹਨ। 3,00,000 ਜਾਂ 1,50,000 ਨਹੀਂ, ਨਾ ਕਿ ਉਹ ਜੋ ਪੁਤਿਨ ਅਤੇ ਉਨ੍ਹਾਂ ਦੇ ਧੋਖੇਬਾਜ਼ ਸਰਕਲ ਨੇ ਝੂਠ ਬੋਲਿਆ ਹੈ। ਪਰ ਫਿਰ ਵੀ, ਇਨ੍ਹਾਂ ਵਿੱਚੋਂ ਹਰੇਕ ਦੀ ਮੌਤ ਸਾਡੇ ਲਈ ਇੱਕ ਵੱਡੀ ਕੁਰਬਾਨੀ ਹੈ। ਹਾਲਾਂਕਿ, ਜ਼ੇਲੇਂਸਕੀ ਨੇ ਕਿਹਾ ਕਿ ਉਹ ਜ਼ਖਮੀ ਜਾਂ ਲਾਪਤਾ ਸੈਨਿਕਾਂ ਦੀ ਗਿਣਤੀ ਦਾ ਖੁਲਾਸਾ ਨਹੀਂ ਕਰਨਗੇ। 24 ਫਰਵਰੀ, 2022 ਨੂੰ ਰੂਸ ਨੇ ਯੂਕ੍ਰੇਨ ‘ਤੇ ਹਮਲਾ ਕਰਨ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਕੀਵ ਨੇ ਆਪਣੀ ਜਾਨ ਗੁਆਉਣ ਵਾਲੇ ਸੈਨਿਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ।
ਇਸ ਦੌਰਾਨ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਰੂਸ ‘ਤੇ ਯੂਕ੍ਰੇਨ ਦੀ ਜਿੱਤ ਪੱਛਮੀ ਦੇਸ਼ਾਂ ਦੀ ਮਦਦ ’ਤੇ ਨਿਰਭਰ ਕਰਦੀ ਹੈ। ਉਹ ਆਸ਼ਾਵਾਦੀ ਹੈ ਕਿ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਯੂਕ੍ਰੇਨ ਦੀ ਮੰਗ ਪੂਰੀ ਹੋ ਜਾਵੇਗੀ। ਉਮੇਰੋਵ ਨੇ ਕਿਹਾ ਕਿ ਯੁੱਧ ਦੇ ਮੈਦਾਨ ਵਿਚ ਪੱਛਮੀ ਦੇਸ਼ਾਂ ਤੋਂ ਫੌਜੀ ਸਹਾਇਤਾ ਦੀ ਆਮਦ ਵਿਚ ਦੇਰੀ ਦਾ ਖਮਿਆਜ਼ਾ ਯੂਕ੍ਰੇਨ ਨੂੰ ਝੱਲਣਾ ਪੈ ਰਿਹਾ ਹੈ। ਇਸ ਨਾਲ ਹਾਲ ਹੀ ਦੇ ਦਿਨਾਂ ‘ਚ ਯੂਕ੍ਰੇਨੀ ਫੌਜ ਦੇ ਨੁਕਸਾਨ ‘ਚ ਵਾਧਾ ਹੋਇਆ ਹੈ। ਜੰਗ ਦੇ ਮੈਦਾਨ ਵਿਚ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ।
ਜ਼ਿਕਰਯੋਗ ਹੈ ਕਿ ਮਹੀਨਿਆਂ ਦੀ ਲੜਾਈ ਤੋਂ ਬਾਅਦ ਯੂਕ੍ਰੇਨ ਦੇ ਰਣਨੀਤਕ ਤੌਰ ‘ਤੇ ਮਹੱਤਵਪੂਰਨ ਸ਼ਹਿਰ ਅਵਦੀਵਕਾ ‘ਤੇ ਹਾਲ ਹੀ ‘ਚ ਰੂਸੀ ਫੌਜ ਨੇ ਕਬਜ਼ਾ ਕਰ ਲਿਆ ਹੈ। ਉਮਰੋਵ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਯੂਕ੍ਰੇਨ ਯੁੱਧ ਦੇ ਦੋ ਸਾਲ ਪੂਰੇ ਹੋਣ ‘ਤੇ ਅਮਰੀਕਾ ਅਤੇ ਯੂਰਪੀ ਦੇਸ਼ਾਂ ਨੇ ਉਸਦੇ ਨਾਲ ਖੜ੍ਹੇ ਹੋਣ ਦਾ ਭਰੋਸਾ ਦਿੱਤਾ ਹੈ।
ਉਮੇਰੋਵ ਦੇ ਨਾਲ ਪ੍ਰੈੱਸ ਕਾਨਫਰੰਸ ‘ਚ ਮੌਜੂਦ ਯੂਕ੍ਰੇਨ ਦੇ ਉਦਯੋਗ ਮੰਤਰੀ ਓਲੇਕਸੈਂਡਰ ਕਮਿਸ਼ਿਨ ਨੇ ਕਿਹਾ ਕਿ ਦੇਸ਼ ਦੀਆਂ ਰੱਖਿਆ ਫੈਕਟਰੀਆਂ ਨੇ ਪਿਛਲੇ ਸਾਲ ਤਿੰਨ ਗੁਣਾ ਜ਼ਿਆਦਾ ਉਤਪਾਦਨ ਕੀਤਾ ਹੈ, ਪਰ ਜੰਗੀ ਹਥਿਆਰਾਂ ਦੀ ਮੰਗ ਨੂੰ ਦੇਖਦੇ ਹੋਏ ਇਹ ਨਾਕਾਫੀ ਹੈ। ਯੂਕ੍ਰੇਨ ਦੇ ਪ੍ਰਧਾਨ ਮੰਤਰੀ ਡੇਨਿਸ ਸ਼ਮੀਹਾਲ ਨੇ ਕਿਹਾ ਹੈ ਕਿ ਯੂਕ੍ਰੇਨ ਨੇ ਸਾਲ 2024 ਲਈ ਆਪਣੇ ਖਰਚਿਆਂ ਲਈ ਅਮਰੀਕਾ ਤੋਂ 11.8 ਅਰਬ ਡਾਲਰ ਧਨ ਰਾਸ਼ੀ ਦੀ ਉਮੀਦ ਕੀਤੀ ਹੈ।
