ਨਵੀਂ ਦਿੱਲੀ, 26 ਫਰਵਰੀ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਗਲੋਬਲ ਬਾਜ਼ਾਰਾਂ ’ਚ ਗਿਰਾਵਟ ਦੇ ਵਿਚਕਾਰ ਘਰੇਲੂ ਸ਼ੇਅਰ ਬਾਜ਼ਾਰ ਨੇ ਵੀ ਕਮਜ਼ੋਰ ਸ਼ੁਰੂਆਤ ਕੀਤੀ ਹੈ। ਸ਼ੇਅਰ ਬਾਜ਼ਾਰ ਦੇ ਦੋਵੇਂ ਪ੍ਰਮੁੱਖ ਸੂਚਕਾਂਕ ’ਚ ਗਿਰਾਵਟ ਦਾ ਰੁਝਾਨ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 330.89 ਅੰਕ ਜਾਂ 0.45 ਫੀਸਦੀ ਦੀ ਗਿਰਾਵਟ ਨਾਲ 72,811.91 ‘ਤੇ ਕਾਰੋਬਾਰ ਕਰ ਰਿਹਾ ਹੈ। ਇਸਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 88.40 ਅੰਕ ਜਾਂ 0.40 ਫੀਸਦੀ ਦੀ ਗਿਰਾਵਟ ਨਾਲ 22,124.30 ਦੇ ਪੱਧਰ ‘ਤੇ ਟ੍ਰੈਂਡ ਕਰ ਰਿਹਾ ਹੈ।
ਇਸ ਤੋਂ ਪਹਿਲਾਂ ਸੈਂਸੈਕਸ 98 ਅੰਕਾਂ ਦੀ ਗਿਰਾਵਟ ਨਾਲ 73,044 ਦੇ ਪੱਧਰ ‘ਤੇ ਖੁੱਲ੍ਹਿਆ ਸੀ। ਉੱਥੇ ਹੀ ਨਿਫਟੀ ਨੇ ਵੀ 43 ਅੰਕਾਂ ਦੀ ਗਿਰਾਵਟ ਨਾਲ 22,169 ਦੇ ਪੱਧਰ ‘ਤੇ ਕਾਰੋਬਾਰ ਸ਼ੁਰੂ ਕੀਤਾ। ਸੈਂਸੈਕਸ ਦੀਆਂ 30 ਪ੍ਰਮੁੱਖ ਕੰਪਨੀਆਂ ‘ਚੋਂ 17 ਦੇ ਸ਼ੇਅਰ ਗਿਰਾਵਟ ਅਤੇ 13 ਦੇ ਸ਼ੇਅਰਾਂ ’ਚ ਬੜਤ ਦਿਖਾਈ ਦਿੱਤੀ। ਹਾਲਾਂਕਿ, ਆਨਲਾਈਨ ਭੁਗਤਾਨ ਪਲੇਟਫਾਰਮ ਪੇਟੀਐੱਮ ਦੇ ਸ਼ੇਅਰਾਂ ‘ਚ ਅੱਜ ਪੰਜ ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਮਾਮੂਲੀ ਗਿਰਾਵਟ ਨਾਲ ਬੰਦ ਹੋਇਆ ਸੀ। ਬੀਐੱਸਈ ਸੈਂਸੈਕਸ 15 ਅੰਕਾਂ ਦੀ ਗਿਰਾਵਟ ਨਾਲ 73,142 ’ਤੇ ਅਤੇ ਨਿਫਟੀ 4 ਅੰਕਾਂ ਦੀ ਗਿਰਾਵਟ ਨਾਲ 22,212 ਦੇ ਪੱਧਰ ’ਤੇ ਬੰਦ ਹੋਇਆ ਸੀ।
