ਕਾਠਮਾਂਡੂ, 28 ਮਾਰਚ ਨੇਪਾਲ ਵੱਲੋਂ ਆਪਣੀ ਅਭਿਲਾਸ਼ੀ ਯੋਜਨਾ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀ.ਆਰ.ਆਈ.) ਦੇ ਲਾਗੂਕਰਨ ਸਮਝੌਤੇ ‘ਤੇ ਦਸਤਖਤ ਨਾ ਕੀਤੇ ਜਾਣ ਤੋਂ ਚੀਨ ਨਾਖੁਸ਼ ਹੈ। ਚੀਨ ਨੇ ਨੇਪਾਲ ਦੇ ਵਿਦੇਸ਼ ਮੰਤਰੀ ਨਰਾਇਣ ਕਾਜੀ ਸ੍ਰੇਸ਼ਠ ਨੂੰ ਚੀਨ ਦੇ ਦੌਰੇ ‘ਤੇ ਸੱਦਣ ਦੇ ਬਾਵਜੂਦ ਨਿਰਾਸ਼ਾ ਹੱਥ ਲੱਗਣ ‘ਤੇ ਨਾਰਾਜ਼ਗੀ ਪ੍ਰਗਟਾਈ ਹੈ।
ਚੀਨ ਦੇ ਦੌਰੇ ‘ਤੇ ਗਏ ਵਿਦੇਸ਼ ਮੰਤਰੀ ਨਾਰਾਇਣਕਾਜੀ ਸ਼੍ਰੇਸ਼ਠ ਵੱਲੋਂ ਸਮਝੌਤੇ ‘ਤੇ ਦਸਤਖਤ ਕਰਨ ਤੋਂ ਇਨਕਾਰ ਕਰਨ ਤੋਂ ਅਗਲੇ ਦਿਨ ਕਾਠਮਾਂਡੂ ਸਥਿਤ ਚੀਨੀ ਦੂਤਘਰ ਨੇ ਨੇਪਾਲ ਦੇ ਵਿਦੇਸ਼ ਮੰਤਰਾਲੇ ਨੂੰ ਇਕ ਡਿਪਲੋਮੈਟਿਕ ਨੋਟ ਭੇਜ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਡਿਪਲੋਮੈਟਿਕ ਨੋਟ ‘ਚ ਪੋਖਰਾ ਏਅਰਪੋਰਟ ਦੇ ਨਿਰਮਾਣ ਲਈ ਬਕਾਇਆ ਕਰਜ਼ਾ ਦੇਣ ਲਈ ਦਬਾਅ ਬਣਾਇਆ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਹੈ ਕਿ ਚੀਨ ਨੇ ਬਕਾਇਆ ਕਰਜ਼ਾ ਤੁਰੰਤ ਵਾਪਸ ਕਰਨ ਲਈ ਦਬਾਅ ਪਾਇਆ ਹੈ।
ਵਿਦੇਸ਼ ਸਕੱਤਰ ਸੇਵਾ ਲਮਸਾਲ ਨੇ ਡਿਪਲੋਮੈਟਿਕ ਨੋਟ ਮਿਲਣ ਦੀ ਗੱਲ ਸਵੀਕਾਰ ਕੀਤੀ ਪਰ ਇਸ ਦੇ ਵੇਰਵਿਆਂ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਚੀਨ ਨੇ ਸਪੱਸ਼ਟ ਕਿਹਾ ਹੈ ਕਿ ਪੋਖਰਾ ਹਵਾਈ ਅੱਡੇ ‘ਤੇ ਦਿੱਤੇ ਜਾਣ ਵਾਲੇ ਕਰਜ਼ੇ ‘ਤੇ ਵਿਆਜ ‘ਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ। ਨੇਪਾਲ ਨੇ ਕਈ ਵਾਰ ਵਿਆਜ ਘਟਾਉਣ ਦੀ ਬੇਨਤੀ ਕੀਤੀ ਹੈ। ਇੰਨਾ ਹੀ ਨਹੀਂ, ਨੇਪਾਲ ਸਰਕਾਰ ਪੋਖਰਾ ਏਅਰਪੋਰਟ ਨੂੰ ਬੀਆਰਆਈ ਪ੍ਰੋਜੈਕਟ ਮੰਨਣ ਤੋਂ ਵੀ ਅਧਿਕਾਰਤ ਤੌਰ ‘ਤੇ ਇਨਕਾਰ ਕਰਦੀ ਰਹੀ ਹੈ।
