ਕਾਠਮਾਂਡੂ, 29 ਅਕਤੂਬਰ (ਹਿ.ਸ.)। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਸ਼ਨੀਵਾਰ ਅੱਧੀ ਰਾਤ ਨੂੰ ਨੇਪਾਲ ਪਹੁੰਚ ਗਏ। ਚਾਰ ਦਿਨਾਂ ਦੇ ਦੌਰੇ ‘ਤੇ ਨੇਪਾਲ ਆਏ ਗੁਟੇਰੇਸ ਦਾ ਕਾਠਮਾਂਡੂ ਹਵਾਈ ਅੱਡੇ ‘ਤੇ ਵਿਦੇਸ਼ ਮੰਤਰੀ ਐੱਨ. ਪੀ. ਸਾਊਦ ਨੇ ਸਵਾਗਤ ਕੀਤਾ। ਗੁਟੇਰੇਸ ਦੀ ਨੇਪਾਲ ਦੀ ਇਹ ਪਹਿਲੀ ਯਾਤਰਾ ਹੈ।
ਅੱਜ (ਐਤਵਾਰ) ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਰਾਸ਼ਟਰਪਤੀ ਰਾਮਚੰਦਰ ਪੌਡੇਲ, ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਪ੍ਰਚੰਡ, ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਪੂਰਨ ਬਹਾਦਰ ਖੜਕਾ, ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਰਾਇਣ ਕਾਜੀ ਸ਼੍ਰੇਸ਼ਠ ਅਤੇ ਵਿਦੇਸ਼ ਮੰਤਰੀ ਸਾਉਦ ਨਾਲ ਸ਼ਿਸ਼ਟਾਚਾਰ ਮੁਲਾਕਾਤ ਹੋਣੀ ਹੈ। ਪ੍ਰਧਾਨ ਮੰਤਰੀ ਅੱਜ ਸ਼ਾਮ ਨੂੰ ਉਨ੍ਹਾਂ ਦੇ ਸਨਮਾਨ ਵਿੱਚ ਰਾਤ ਦੇ ਖਾਣੇ ਦਾ ਆਯੋਜਨ ਕਰਨਗੇ।
ਗੁਟੇਰੇਸ ਮੰਗਲਵਾਰ ਨੂੰ ਨੇਪਾਲ ਸੰਸਦ ਦੇ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਿਤ ਕਰਨਗੇ। ਇਸ ਤੋਂ ਇਲਾਵਾ ਨਾਮਚੇ ਵਿੱਚ ਐਵਰੈਸਟ ਬੇਸ ਕੈਂਪ ਅਤੇ ਪੋਖਰਾ ਵਿੱਚ ਅੰਨਪੂਰਨਾ ਬੇਸ ਕੈਂਪ ਦਾ ਦੌਰਾ ਕਰਨਗੇ। ਉਹ ਇਨ੍ਹਾਂ ਦੋਵਾਂ ਥਾਵਾਂ ‘ਤੇ ਜਲਵਾਯੂ ਤਬਦੀਲੀ ਨਾਲ ਸਬੰਧਤ ਪ੍ਰੋਗਰਾਮਾਂ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦੀ ਲੁੰਬੀਨੀ ਜਾਣ ਦੀ ਵੀ ਯੋਜਨਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
