
ਢਾਕਾ, 30 ਸਤੰਬਰ (ਹਿ. ਸ.)। ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਪ੍ਰਧਾਨ ਖਾਲਿਦਾ ਜ਼ਿਆ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 78 ਸਾਲਾ ਖਾਲਿਦਾ ਜ਼ਿਆ ਦਾ ਪਿਛਲੇ 50 ਦਿਨਾਂ ਤੋਂ ਰਾਜਧਾਨੀ ਢਾਕਾ ਦੇ ਐਵਰਕੇਅਰ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੀ ਸਿਹਤ ਵਿੱਚ ਕੋਈ ਖਾਸ ਸੁਧਾਰ ਨਹੀਂ ਹੋਇਆ ਹੈ। ਪਰਿਵਾਰ ਉਨ੍ਹਾਂ ਨੂੰ ਇਲਾਜ ਲਈ ਵਿਦੇਸ਼ ਲਿਜਾਣ ਦੀ ਤਿਆਰੀ ਕਰ ਰਿਹਾ ਹੈ। ਪਰਿਵਾਰ ਨੇ ਇਸ ਲਈ ਸਰਕਾਰ ਤੋਂ ਇਜਾਜ਼ਤ ਮੰਗੀ ਹੈ। ਇਹ ਜਾਣਕਾਰੀ ਸਥਾਨਕ ਮੀਡੀਆ ਰਿਪੋਰਟਾਂ ਵਿੱਚ ਦਿੱਤੀ ਗਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰ ਤੋਂ ਇਜਾਜ਼ਤ ਮਿਲਦੇ ਹੀ ਖਾਲਿਦਾ ਜ਼ਿਆ ਨੂੰ ਵਿਦੇਸ਼ ਲਿਜਾਇਆ ਜਾਵੇਗਾ। ਉਹ ਲਿਵਰ ਸਿਰੋਸਿਸ ਤੋਂ ਪੀੜਤ ਹਨ। ਪਰਿਵਾਰ ਉਨ੍ਹਾਂ ਨੂੰ ਜਰਮਨੀ ਲੈ ਕੇ ਜਾਣਾ ਚਾਹੁੰਦਾ ਹੈ। ਇਸ ਤੋਂ ਇਲਾਵਾ ਅਮਰੀਕਾ, ਆਸਟ੍ਰੇਲੀਆ ਅਤੇ ਸਿੰਗਾਪੁਰ ਦੇ ਹਸਪਤਾਲਾਂ ਨਾਲ ਵੀ ਸੰਪਰਕ ਕੀਤਾ ਗਿਆ ਹੈ। ਖਾਲਿਦਾ ਜ਼ਿਆ ਦੇ ਛੋਟੇ ਭਰਾ ਮੇਜਰ (ਸੇਵਾਮੁਕਤ) ਸਈਦ ਇਸਕੰਦਰ ਦਾ ਹਵਾਲਾ ਦਿੰਦੇ ਹੋਏ, ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਸ ਲਈ 25 ਸਤੰਬਰ ਨੂੰ ਗ੍ਰਹਿ ਮੰਤਰਾਲੇ ਨੂੰ ਰਸਮੀ ਅਰਜ਼ੀ ਦਿੱਤੀ ਗਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਰੋਨਰੀ ਕੇਅਰ ਯੂਨਿਟ ਵਿੱਚ ਦਾਖਲ ਕਰਵਾਉਣ ਦੀ ਲੋੜ ਹੈ। ਸਈਦ ਇਸਕੰਦਰ ਨੇ ਕਿਹਾ ਕਿ ਸਾਨੂੰ ਮੰਤਰਾਲੇ ਤੋਂ ਜਲਦੀ ਜਵਾਬ ਦੀ ਉਮੀਦ ਹੈ। ਖਾਲਿਦਾ ਜ਼ਿਆ ਨੂੰ ਅਤਿ ਆਧੁਨਿਕ ਇਲਾਜ ਦੀ ਲੋੜ ਹੈ। ਇਹ ਇਲਾਜ ਸਿਰਫ਼ ਵਿਦੇਸ਼ਾਂ ਵਿੱਚ ਹੀ ਉਪਲੱਬਧ ਹੈ।
ਮੀਡੀਆ ਰਿਪੋਰਟਾਂ ‘ਚ ਖਾਲਿਦਾ ਜ਼ਿਆ ਦੇ ਨਿੱਜੀ ਡਾਕਟਰ, ਡਾਕਟਰ ਏ.ਜੇ.ਐੱਮ. ਜ਼ਾਹਿਦ ਹੁਸੈਨ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਹ ਗੰਭੀਰ ਰੂਪ ਨਾਲ ਬਿਮਾਰ ਹਨ ਅਤੇ ਉਨ੍ਹਾਂ ਨੂੰ ਲਿਵਰ ਟ੍ਰਾਂਸਪਲਾਂਟ ਸਮੇਤ ਤੁਰੰਤ ਉੱਨਤ ਇਲਾਜ ਦੀ ਲੋੜ ਹੈ। ਬੰਗਲਾਦੇਸ਼ ਵਿੱਚ ਅਜਿਹਾ ਸੰਭਵ ਨਹੀਂ ਹੈ। ਲੀਵਰ ਸਿਰੋਸਿਸ ਕਾਰਨ ਉਨ੍ਹਾਂ ਦੇ ਦਿਲ ਅਤੇ ਗੁਰਦਿਆਂ ਨਾਲ ਗੰਭੀਰ ਸਮੱਸਿਆਵਾਂ ਪੈਦਾ ਹੋ ਗਈਆਂ ਹਨ। ਉਹ ਸਾਹ ਲੈਣ ਤੋਂ ਅਸਮਰੱਥ ਹਨ। ਪੇਟ ਨਾਲ ਜੁੜੀਆਂ ਸਮੱਸਿਆਵਾਂ ਵਧ ਗਈਆਂ ਹਨ। ਖਾਲਿਦਾ ਜ਼ਿਆ ਦੀ ਜ਼ਿੰਦਗੀ ਅੜਿੱਕੇ ‘ਚ ਹੈ।
ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਜਨਰਲ ਸਕੱਤਰ ਮਿਰਜ਼ਾ ਫਖਰੂਲ ਇਸਲਾਮ ਆਲਮਗੀਰ ਨੇ ਸਰਕਾਰ ਤੋਂ ਖਾਲਿਦਾ ਜ਼ਿਆ ਨੂੰ ਤੁਰੰਤ ਵਿਦੇਸ਼ ਲਿਜਾਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ। ਮਿਰਜ਼ਾ ਫਖਰੂਲ ਨੇ ਹਾਲ ਹੀ ਵਿੱਚ ਢਾਕਾ ਵਿੱਚ ਜਰਮਨ ਦੂਤਾਵਾਸ ਦੇ ਇੰਚਾਰਜ ਡੀ ਅਫੇਅਰਸ ਜਾਨ ਰੋਲਫ ਜਾਨੋਵਸਕੀ ਨਾਲ ਮੁਲਾਕਾਤ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਕਾਨੂੰਨ ਮੰਤਰੀ ਅਨੀਸੁਲ ਹੱਕ ਨੇ ਪੁਸ਼ਟੀ ਕੀਤੀ ਕਿ ਗ੍ਰਹਿ ਮੰਤਰਾਲੇ ਨੂੰ ਖਾਲਿਦਾ ਜ਼ਿਆ ਦੀ ਵਿਦੇਸ਼ ‘ਚ ਇਲਾਜ ਲਈ ਅਰਜ਼ੀ ਮਿਲੀ ਹੈ। ਗ੍ਰਹਿ ਮੰਤਰਾਲਾ ਜਲਦੀ ਹੀ ਅਰਜ਼ੀ ‘ਤੇ ਫੈਸਲਾ ਲਵੇਗਾ।
ਜ਼ਿਕਰਯੋਗ ਹੈ ਕਿ ਜ਼ਿਆ ਅਨਾਥ ਆਸ਼ਰਮ ਟਰੱਸਟ ਭ੍ਰਿਸ਼ਟਾਚਾਰ ਮਾਮਲੇ ‘ਚ ਫਰਵਰੀ 2018 ‘ਚ ਜੇਲ ਜਾਣ ਤੋਂ ਬਾਅਦ ਖਾਲਿਦਾ ਜ਼ਿਆ ਦੀ ਸਿਹਤ ਵਿਗੜ ਗਈ। ਉਨ੍ਹਾਂ ਨੇ ਲਗਭਗ ਦੋ ਸਾਲ ਸਲਾਖਾਂ ਪਿੱਛੇ ਬਿਤਾਏ। 25 ਮਾਰਚ 2020 ਨੂੰ ਉਨ੍ਹਾਂ ਨੂੰ ਕੋਵਿਡ -19 ਮਹਾਂਮਾਰੀ ਦੇ ਵਿਚਕਾਰ ਸ਼ਰਤ ਅਨੁਸਾਰ ਰਿਹਾ ਕੀਤਾ ਗਿਆ। ਉਦੋਂ ਤੋਂ ਉਨ੍ਹਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਦੀ ਰਿਹਾਈ ਦੀ ਮਿਆਦ ਹਰ ਛੇ ਮਹੀਨਿਆਂ ਵਿੱਚ ਵਧਾਈ ਜਾਂਦੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
