ਢਾਕਾ, 26 ਨਵੰਬਰ (ਹਿ.ਸ.)। ਬੰਗਲਾਦੇਸ਼ ਵਿੱਚ ਸ਼ਨੀਵਾਰ ਹਾਦਸਿਆਂ ਦਾ ਦਿਨ ਰਿਹਾ। ਸਤਖੀਰਾ, ਰਾਜਸ਼ਾਹੀ, ਚਟਗਾਂਵ, ਗਾਜ਼ੀਪੁਰ, ਫੇਨੀ, ਮੁੰਸ਼ੀਗੰਜ ਅਤੇ ਜੇਸੋਰ ਵਿੱਚ ਸੜਕਾਂ ਉੱਤੇ 16 ਲੋਕਾਂ ਦੀ ਜਾਨ ਚਲੀ ਗਈ। ਇਨ੍ਹਾਂ ਵਿੱਚ ਇੱਕ ਭਾਰਤੀ ਜੋੜਾ ਅਤੇ ਇੱਕ ਪੁਲਿਸ ਕਾਂਸਟੇਬਲ ਸ਼ਾਮਲ ਹੈ।
ਸਥਾਨਕ ਅੰਗਰੇਜ਼ੀ ਅਖਬਾਰ ਢਾਕਾ ਟ੍ਰਿਬਿਊਨ ਦੇ ਅਨੁਸਾਰ ਸਤਖੀਰਾ ਦੇ ਸਦਰ ਉਪਜ਼ਿਲਾ ਤਲਤਲਾ ਵਿੱਚ ਇੱਕ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ’ਚ ਪੱਛਮੀ ਬੰਗਾਲ ਭਾਰਤ ਦੇ ਸਿਲੀਗੁੜੀ ਦੇ ਇੱਕ ਭਾਰਤੀ ਜੋੜੇ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ 45 ਸਾਲਾ ਅਸੀਮ ਕੁਮਾਰ ਬਿਸਵਾਸ ਅਤੇ ਉਨ੍ਹਾਂ ਦੀ 42 ਸਾਲਾ ਪਤਨੀ ਚੋਬੀ ਬਿਸਵਾਸ ਸ਼ਾਮਲ ਹਨ। ਇਹ ਹਾਦਸਾ ਸਵੇਰੇ 8 ਵਜੇ ਦੇ ਕਰੀਬ ਬਾਰਡਰ ਗਾਰਡ ਬੰਗਲਾਦੇਸ਼ ਦੇ ਸਤਖੀਰਾ ਕੈਂਪ ਦੇ ਸਾਹਮਣੇ ਵਾਪਰਿਆ।
ਅਖਬਾਰ ਦੇ ਅਨੁਸਾਰ, ਸਤਖੀਰਾ ਸਦਰ ਪੁਲਿਸ ਸਟੇਸ਼ਨ ਇੰਚਾਰਜ (ਓਸੀ) ਮਹਿਦੁਲ ਇਸਲਾਮ ਨੇ ਕਿਹਾ ਕਿ ਆਸਿਮ ਖੁੱਲਨਾ-ਮੋਂਗਲਾ ਰੇਲਵੇ ਪ੍ਰੋਜੈਕਟ ਦੇ ਡਿਪਟੀ ਮੈਨੇਜਰ ਸੀ। ਉਹ ਆਪਣੀ ਪਤਨੀ ਨਾਲ ਭੋਮਰਾ ਲੈਂਡ ਪੋਰਟ ਰਾਹੀਂ ਭਾਰਤ ਜਾ ਰਹੇ ਸੀ। ਹਾਦਸੇ ਵਿੱਚ ਉਨ੍ਹਾਂ ਦਾ ਡਰਾਈਵਰ ਜ਼ਖ਼ਮੀ ਹੋ ਗਿਆ।
ਇਸ ਤੋਂ ਇਲਾਵਾ ਰਾਜਸ਼ਾਹੀ ਦੇ ਬੇਲਪੁਕੁਰ ‘ਚ ਦੁਪਹਿਰ ਸਮੇਂ ਇਕ ਟਰੱਕ ਅਤੇ ਸੀਐੱਨਜੀ ਨਾਲ ਚੱਲਣ ਵਾਲੇ ਆਟੋ ਰਿਕਸ਼ਾ ਵਿਚਾਲੇ ਹੋਈ ਆਹਮੋ-ਸਾਹਮਣੇ ਦੀ ਟੱਕਰ ‘ਚ ਇੱਕੋ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਮ੍ਰਿਤਕਾਂ ਵਿੱਚ 35 ਸਾਲਾ ਪਰਵੀਨ ਬੇਗਮ, 17 ਸਾਲਾ ਸ਼ਰਮੀਨ, 75 ਸਾਲਾ ਇੰਸਾਬ ਅਲੀ, 35 ਸਾਲਾ ਅਯੂਬ ਅਲੀ ਲਾਬੂ ਅਤੇ 35 ਸਾਲਾ ਸੀਐਨਜੀ ਡਰਾਈਵਰ ਮੁਖਲੇਸੁਰ ਰਹਿਮਾਨ ਸ਼ਾਮਲ ਹਨ। ਜ਼ਖਮੀ 18 ਸਾਲ ਦਾ ਹਿਰਦੈ ਹੈ।
ਪਾਬਾ ਹਾਈਵੇ ਥਾਣੇ ਦੇ ਓਸੀ ਮੋਫਕਾਰੁਲ ਇਸਲਾਮ ਨੇ ਦੱਸਿਆ ਕਿ ਬੇਲਪੁਕੁਰ ਬਾਈਪਾਸ ਖੇਤਰ ਦੇ ਨੇੜੇ ਇੱਕ ਟਰੱਕ ਅਤੇ ਸੀਐੱਨਜੀ ਨਾਲ ਚੱਲਣ ਵਾਲੇ ਆਟੋ-ਰਿਕਸ਼ਾ ਵਿਚਕਾਰ ਟੱਕਰ ਹੋ ਗਈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਚਟਗਾਂਵ ਵਿੱਚ ਇੱਕ ਤੇਜ਼ ਰਫ਼ਤਾਰ ਟਰੱਕ ਨੇ ਕਰਨਾਫੂਲੀ ਗੈਸ ਡਿਸਟ੍ਰੀਬਿਊਸ਼ਨ ਕੰਪਨੀ ਦੇ ਤਿੰਨ ਕਰਮਚਾਰੀਆਂ ਨੂੰ ਕੁਚਲ ਦਿੱਤਾ। ਮ੍ਰਿਤਕਾਂ ਵਿੱਚ 35 ਸਾਲਾ ਮਸੂਦ ਮੀਆਂ, 45 ਸਾਲਾ ਆਲਮਗੀਰ ਹੁਸੈਨ ਅਤੇ 42 ਸਾਲਾ ਸ਼ਫੀਕੁਲ ਇਸਲਾਮ ਸ਼ਾਮਲ ਹਨ। ਸ਼ਨੀਵਾਰ ਨੂੰ ਹੋਏ ਹਾਦਸਿਆਂ ‘ਚ ਕੁੱਲ 16 ਲੋਕਾਂ ਦੀ ਜਾਨ ਚਲੀ ਗਈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
