
ਮੁੰਬਈ, 26 ਨਵੰਬਰ (ਹਿ. ਸ.)। ਕੇਰਲ ਦੇ ਕੋਚੀ ਵਿੱਚ ਮਸ਼ਹੂਰ ਬਾਲੀਵੁੱਡ ਸਿੰਗਰ ਨਿਕਿਤਾ ਗਾਂਧੀ ਦੇ ਕੰਸਰਟ ਦੌਰਾਨ ਭਗਦੜ ਦੀ ਇੱਕ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਕੋਚੀ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ ਵਿੱਚ ਭਗਦੜ ਵਿੱਚ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਕਰੀਬ 64 ਜ਼ਖ਼ਮੀ ਹੋ ਗਏ। ਗਾਇਕ ਨੇ ਸੋਸ਼ਲ ਮੀਡੀਆ ਰਾਹੀਂ ਇਸ ਮੰਦਭਾਗੀ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ।
ਸ਼ਨੀਵਾਰ ਦੇਰ ਸ਼ਾਮ ਕੇਰਲ ਦੀ ਕੋਚੀ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ਵਿੱਚ ਇੱਕ ਓਪਨ ਏਅਰ ਟੈਕ ਫੈਸਟੀਵਲ ਦਾ ਆਯੋਜਨ ਕੀਤਾ ਗਿਆ। ਇਸ ਫੈਸਟੀਵਲ ਵਿੱਚ ਗਾਇਕਾ ਨਿਕਿਤਾ ਗਾਂਧੀ ਦਾ ਕੰਸਰਟ ਹੋਇਆ। ਇਸ ਸਮਾਰੋਹ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਪੁੱਜੇ ਹੋਏ ਸਨ। ਇਸ ਤੋਂ ਬਾਅਦ ਅਚਾਨਕ ਮਚੀ ਭਗਦੜ ਵਿਚ 4 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 64 ਵਿਦਿਆਰਥੀ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਅਤੁਲ ਥੰਬੀ, ਐਨ ਰੂਫਥਾ, ਸਾਰਾ ਥਾਮਸ ਅਤੇ ਐਲਵਿਨ ਜੋਸੇਫ ਵਜੋਂ ਹੋਈ ਹੈ।
ਗਾਇਕਾ ਨਿਕਿਤਾ ਗਾਂਧੀ ਨੇ ਇਸ ਮੰਦਭਾਗੀ ਘਟਨਾ ਤੋਂ ਬਾਅਦ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ, “25 ਨਵੰਬਰ ਦੀ ਸ਼ਾਮ ਨੂੰ ਕੋਚੀ ਵਿੱਚ ਵਾਪਰੀ ਘਟਨਾ ਦਿਲ ਦਹਿਲਾ ਦੇਣ ਵਾਲੀ ਅਤੇ ਬੇਹੱਦ ਦੁਖਦਾਈ ਸੀ। ਇਹ ਮੰਦਭਾਗੀ ਘਟਨਾ ਮੇਰੇ ਇਸ ਸੰਗੀਤ ਸਮਾਰੋਹ ਲਈ ਰਵਾਨਾ ਹੋਣ ਤੋਂ ਠੀਕ ਪਹਿਲਾਂ ਵਾਪਰੀ। ਮੇਰੇ ਕੋਲ ਇਸ ਦੁੱਖ ਨੂੰ ਬਿਆਨ ਕਰਨ ਲਈ ਲੋੜੀਂਦੇ ਸ਼ਬਦ ਨਹੀਂ ਹਨ। ਮੈਂ ਵਿਦਿਆਰਥੀਆਂ ਦੇ ਪਰਿਵਾਰਾਂ ਲਈ ਪ੍ਰਾਰਥਨਾ ਕਰਦੀ ਹਾਂ।”
ਕੋਚੀ ਯੂਨੀਵਰਸਿਟੀ ਦੇ ਕੰਸਰਟ ‘ਚ ਭਗਦੜ ਦਾ ਕਾਰਨ ਮੀਂਹ ਸੀ। ਮੀਂਹ ਸ਼ੁਰੂ ਹੁੰਦੇ ਹੀ ਵਿਦਿਆਰਥੀ ਭੱਜਣ ਲੱਗੇ ਅਤੇ ਇਹ ਮੰਦਭਾਗੀ ਘਟਨਾ ਵਾਪਰ ਗਈ। ਸ਼ੁਰੂਆਤ ‘ਚ ਕਿਹਾ ਜਾ ਰਿਹਾ ਸੀ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਨਿਕਿਤਾ ਗਾਂਧੀ ਦਾ ਕੰਸਰਟ ਚੱਲ ਰਿਹਾ ਸੀ, ਪਰ ਅਧਿਕਾਰੀਆਂ ਨੇ ਕਿਹਾ ਇਹ ਘਟਨਾ ਨਿਕਿਤਾ ਦਾ ਸੰਗੀਤ ਸਮਾਰੋਹ ਸ਼ੁਰੂ ਹੋਣ ਤੋਂ ਪਹਿਲਾਂ ਵਾਪਰੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
