ਇਸਲਾਮਾਬਾਦ, 25 ਨਵੰਬਰ (ਹਿ.ਸ.)। ਪਾਕਿਸਤਾਨ ਦੇ ਕਾਰਜਕਾਰੀ ਗ੍ਰਹਿ ਮੰਤਰੀ ਸਰਫਰਾਜ਼ ਅਹਿਮਦ ਬੁਗਤੀ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਦਾਲਤ ਦਾ ਲਾਡਲਾ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਜੇਲ੍ਹ ਵਿੱਚ ਸ਼ਾਹੀ ਸਹੂਲਤਾਂ ਮਿਲ ਰਹੀਆਂ ਹਨ। ਗ੍ਰਹਿ ਮੰਤਰੀ ਨੇ ਕਿਹਾ, ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਜੋ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ, ਉਹ ਕਿਸੇ ਹੋਰ ਆਮ ਕੈਦੀ ਨੂੰ ਨਹੀਂ ਦਿੱਤੀਆਂ ਗਈਆਂ ਹਨ, ਇੱਥੋਂ ਤੱਕ ਕਿ ਜੇਲ੍ਹ ਵਿੱਚ ਬੰਦ ਹੋਰ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਵੀ ਨਹੀਂ। ਇੱਕ ਆਮ ਨਾਗਰਿਕ ਇਮਰਾਨ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਕਲਪਨਾ ਵੀ ਨਹੀਂ ਕਰ ਸਕਦਾ।
ਸਰਫਰਾਜ਼ ਨੇ ਕਿਹਾ ਕਿ ਅਜਿਹਾ ਇਸ ਲਈ ਹੈ ਕਿਉਂਕਿ ਇਮਰਾਨ ਅਦਾਲਤ ਦੇ ਲਾਡਲੇ ਹਨ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ 71 ਸਾਲਾ ਚੇਅਰਮੈਨ ਸਿਫਰ (ਗੁਪਤ ਡਿਪਲੋਮੈਟਿਕ ਕੇਬਲ) ਲੀਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿੱਚ ਬੰਦ ਹਨ। ਪਾਕਿਸਤਾਨ ਦੀ ਜਵਾਬਦੇਹੀ ਅਦਾਲਤ ਨੇ ਰਾਸ਼ਟਰੀ ਜਵਾਬਦੇਹੀ ਬਿਊਰੋ (ਐਨ.ਏ.ਬੀ.) ਨੂੰ ਅਲ-ਕਾਦਿਰ ਟਰੱਸਟ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਇਮਰਾਨ ਤੋਂ ਚਾਰ ਦਿਨ ਹੋਰ ਜੇਲ੍ਹ ਅੰਦਰ ਪੁੱਛਗਿੱਛ ਕਰਨ ਦੀ ਇਜਾਜ਼ਤ ਦਿੱਤੀ ਗਈ। ਜੱਜ ਮੁਹੰਮਦ ਬਸ਼ੀਰ ਨੇ ਵੀਰਵਾਰ ਨੂੰ ਅਦਿਆਲਾ ਜੇਲ ‘ਚ ਸੁਣਵਾਈ ਕੀਤੀ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਦੇ ਦਾਅਵੇ ਦੇ ਉਲਟ, ਚੋਟੀ ਦੀ ਜਾਂਚ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਗੁਪਤ ਡਿਪਲੋਮੈਟਿਕ ਕੇਬਲ (ਸਾਈਫਰ) ਨੂੰ ਕਦੇ ਵੀ ਅਵਰਗੀਕ੍ਰਿਤ ਘੋਸ਼ਿਤ ਨਹੀਂ ਕੀਤਾ ਗਿਆ। ਇਮਰਾਨ ‘ਤੇ ਮਾਰਚ 2022 ਵਿੱਚ ਇੱਕ ਆਮ ਮੀਟਿੰਗ ਵਿੱਚ ਇਸਨੂੰ ਜਨਤਕ ਕਰਨ ਦਾ ਦੋਸ਼ ਹੈ। ਜੇਲ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਨੂੰ ਸ਼ੁੱਕਰਵਾਰ ਨੂੰ ਇਸਲਾਮਾਬਾਦ ਦੀ ਇੱਕ ਸਥਾਨਕ ਅਦਾਲਤ ਨੇ ਰਾਹਤ ਦੇ ਦਿੱਤੀ। ਅਦਾਲਤ ਨੇ ਤੀਸਰੀ ਅਤੇ ਮੌਜੂਦਾ ਪਤਨੀ ਬੁਸ਼ਰਾ ਬੀਬੀ ਵੱਲੋਂ ਦਿੱਤੀ ਗਈ ਚੁਣੌਤੀ ਨੂੰ ਰੱਦ ਕਰਦਿਆਂ ਉਨ੍ਹਾਂ ਦੇ ਵਿਆਹ ਨੂੰ ਗ਼ੈਰ-ਇਸਲਾਮਿਕ ਕਰਾਰ ਦਿੱਤਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
