ਮੁੰਬਈ, 05 ਜਨਵਰੀ (ਹਿ. ਸ.)। ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੀ ਬੇਟੀ ਆਇਰਾ ਅਤੇ ਨੂਪੁਰ ਸ਼ਿਖਰੇ ਦਾ ਹਾਲ ਹੀ ‘ਚ ਵਿਆਹ ਹੋਇਆ ਹੈ। 3 ਜਨਵਰੀ ਨੂੰ ਦੋਵਾਂ ਨੇ ਰਜਿਸਟ੍ਰੇਸ਼ਨ ਰਾਹੀਂ ਵਿਆਹ ਕਰਵਾ ਲਿਆ। ਰਜਿਸਟਰਡ ਵਿਆਹ ਤੋਂ ਬਾਅਦ ਹੁਣ ਆਯਰਾ ਅਤੇ ਨੂਪੁਰ ਦਾ ਸ਼ਾਹੀ ਵਿਆਹ ਰਾਜਸਥਾਨ ਦੇ ਉਦੈਪੁਰ ਦੇ ਤਾਜ ਅਰਾਵਲੀ ਹੋਟਲ ‘ਚ 8 ਜਨਵਰੀ ਨੂੰ ਹੋਵੇਗਾ। ਵਿਆਹ ਦੇ ਪ੍ਰੋਗਰਾਮ 7 ਜਨਵਰੀ ਤੋਂ ਸ਼ੁਰੂ ਹੋ ਕੇ 10 ਜਨਵਰੀ ਤੱਕ ਚੱਲਣਗੇ।
ਆਮਿਰ ਖਾਨ ਆਪਣੀ ਬੇਟੀ ਦੇ ਵਿਆਹ ਦੀਆਂ ਤਿਆਰੀਆਂ ਦੇਖਣ ਲਈ 5 ਜਨਵਰੀ ਨੂੰ ਉਦੈਪੁਰ ਪਹੁੰਚਣਗੇ। ਆਇਰਾ ਅਤੇ ਨੂਪੁਰ ਦੇ ਸ਼ਾਹੀ ਵਿਆਹ ‘ਚ ਕਰੀਬ 250 ਮਹਿਮਾਨ ਸ਼ਿਰਕਤ ਕਰਨਗੇ। ਵਿਆਹ ਸਮਾਗਮ ਲਈ ਤਾਜ ਅਰਾਵਲੀ ਹੋਟਲ ਦੇ 176 ਕਮਰੇ ਬੁੱਕ ਕੀਤੇ ਗਏ ਹਨ। ਇਸ ਵਿਆਹ ਵਿਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ‘ਨੋ ਗਿਫਟ ਪਾਲਿਸੀ’ ਦੇ ਨਿਯਮ ਦੀ ਪਾਲਣਾ ਕਰਨੀ ਪਵੇਗੀ, ਕਿਉਂਕਿ ਆਯਰਾ ਅਤੇ ਨੂਪੁਰ ਨੇ ਵਿਆਹ ਵਿਚ ਸ਼ਾਮਲ ਹੋਣ ਵਾਲੇ ਕਿਸੇ ਵੀ ਮਹਿਮਾਨ ਤੋਂ ਤੋਹਫ਼ੇ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਉਦੈਪੁਰ ‘ਚ ਵਿਆਹ ਤੋਂ ਬਾਅਦ ਆਇਰਾ ਅਤੇ ਨੂਪੁਰ 13 ਜਨਵਰੀ ਨੂੰ ਮੁੰਬਈ ਦੇ ਜੀਓ ਵਰਲਡ ਸੈਂਟਰ ‘ਚ ਸ਼ਾਨਦਾਰ ਰਿਸੈਪਸ਼ਨ ਪਾਰਟੀ ਕਰਨਗੇ। ਪਾਰਟੀ ਲਈ ਸ਼ਾਹਰੁਖ ਖਾਨ, ਸਲਮਾਨ ਖਾਨ, ਅਜੇ ਦੇਵਗਨ, ਅਮਿਤਾਭ ਬੱਚਨ, ਕਰਨ ਜੌਹਰ, ਅਕਸ਼ੈ ਕੁਮਾਰ, ਕਰੀਨਾ ਕਪੂਰ, ਰਾਜਕੁਮਾਰ ਹਿਰਾਨੀ, ਆਸ਼ੂਤੋਸ਼ ਗੁਰੇਕਰ ਅਤੇ ਜੂਹੀ ਚਾਵਲਾ ਸਮੇਤ ਕਈ ਹਸਤੀਆਂ ਨੂੰ ਸੱਦਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਆਮਿਰ ਨੇ ਕੁਝ ਸਾਊਥ ਕਲਾਕਾਰਾਂ ਨੂੰ ਵੀ ਸੱਦਾ ਦਿੱਤਾ ਹੈ। ਇਸ ਰਿਸੈਪਸ਼ਨ ‘ਚ ਅੰਬਾਨੀ ਪਰਿਵਾਰ ਦੇ ਵੀ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
