ਮੁੰਬਈ, 22 ਜਨਵਰੀ (ਹਿ. ਸ.)। ਅਯੁੱਧਿਆ ‘ਚ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਰਸਮ ਨੂੰ ਲੈ ਕੇ ਪੂਰੇ ਦੇਸ਼ ‘ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹਰ ਪਾਸੇ ਸ਼ਰਧਾ ਦਾ ਮਾਹੌਲ ਹੈ। ਦਿੱਗਜ ਰਾਜਨੇਤਾ, ਸਮਾਜ ਸੇਵੀ, ਫਿਲਮ ਇੰਡਸਟਰੀ ਦੇ ਕਲਾਕਾਰ ਅੱਜ ਅਯੁੱਧਿਆ ਪਹੁੰਚ ਰਹੇ ਹਨ। ਅਭਿਨੇਤਾ ਅਨੁਪਮ ਖੇਰ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਅਯੁੱਧਿਆ ਵਿੱਚ ਹਨ। ਅੱਜ ਉਹ ਅਯੁੱਧਿਆ ਦੇ ਹਨੂੰਮਾਨ ਗੜ੍ਹੀ ਮੰਦਰ ‘ਚ ਪੂਜਾ ਅਰਚਨਾ ਕਰਨ ਅਤੇ ਦਰਸ਼ਨ ਕਰਨ ਪਹੁੰਚੇ। ਇਸ ਮੰਦਰ ‘ਚ ਉਨ੍ਹਾਂ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਉਹ ਹਨੂੰਮਾਨ ਜੀ ਦੇ ਦਰਸ਼ਨ ਕਰਦੇ ਨਜ਼ਰ ਆ ਰਹੇ ਹਨ।
ਦਰਸ਼ਨ ਦੌਰਾਨ ਅਨੁਪਮ ਖੇਰ ਦੇ ਆਲੇ-ਦੁਆਲੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਉੱਥੇ ਮੌਜੂਦ ਕਈ ਲੋਕ ਅਨੁਪਮ ਖੇਰ ਨਾਲ ਤਸਵੀਰਾਂ ਖਿਚਵਾ ਰਹੇ ਸਨ। ਅਨੁਪਮ ਖੇਰ ਨੇ ਉਸ ਭੀੜ ‘ਚ ਭਗਵਾਨ ਹਨੂੰਮਾਨ ਦੇ ਦਰਸ਼ਨ ਕੀਤੇ ਅਤੇ ਕਿਹਾ, ”ਭਗਵਾਨ ਸ੍ਰੀ ਰਾਮ ਦੇ ਕੋਲ ਜਾਣ ਤੋਂ ਪਹਿਲਾਂ ਹਨੂੰਮਾਨ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ। ਅਯੁੱਧਿਆ ਵਿੱਚ ਹਰ ਪਾਸੇ ਜੈ ਸ਼੍ਰੀ ਰਾਮ ਦਾ ਜਾਪ ਦੇਖਣ ਨੂੰ ਮਿਲ ਰਿਹਾ ਹੈ। ਅੱਜ ਦੁਨੀਆ ਭਰ ਦੇ ਹਿੰਦੂ ਭਗਵਾਨ ਰਾਮ ਦੀ ਭਗਤੀ ਵਿੱਚ ਮਗਨ ਹਨ। ਅਨੁਪਮ ਖੇਰ ਨੇ ਕਿਹਾ, ਦੀਵਾਲੀ ਫਿਰ ਆ ਗਈ ਹੈ, ਇਹ ਹੀ ਅਸਲੀ ਦੀਵਾਲੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
