ਮੁੰਬਈ, 21 ਜਨਵਰੀ (ਹਿ. ਸ.)। ਸਾਊਥ ਦੀ ਮਸ਼ਹੂਰ ਅਦਾਕਾਰਾ ਰਸ਼ਮਿਕਾ ਮੰਦਾਨਾ ਨੇ ਡੀਪਫੇਕ ਵੀਡੀਓ ਮਾਮਲੇ ਦੇ ਮੁੱਖ ਮੁਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਆਪਣੀ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਦਾ ਇਹ ਵੀਡੀਓ ਪਿਛਲੇ ਸਾਲ ਨਵੰਬਰ ‘ਚ ਵਾਇਰਲ ਹੋਇਆ ਸੀ।
ਰਸ਼ਮਿਕਾ ਮੰਦਾਨਾ ਦੇ ਡੀਪਫੇਕ ਵੀਡੀਓ ਮਾਮਲੇ ਦੇ ਮੁੱਖ ਮੁਲਜ਼ਮ ਨੂੰ ਦਿੱਲੀ ਪੁਲਿਸ ਨੇ ਸ਼ਨੀਵਾਰ ਨੂੰ ਆਂਧਰਾ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਹੈ। ਉਸਦੀ ਉਮਰ 23 ਸਾਲ ਹੈ ਅਤੇ ਉਸਦਾ ਨਾਮ ਇਮਾਨੀ ਨਵੀਨ ਹੈ। ਇਸ ‘ਤੇ ਰਸ਼ਮਿਕਾ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਦਿੱਲੀ ਪੁਲਿਸ ਦਾ ਧੰਨਵਾਦ ਕੀਤਾ ਹੈ। ਅਦਾਕਾਰਾ ਨੇ ਕਿਹਾ, ”ਇਸ ਮਾਮਲੇ ‘ਚ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਦਿੱਲੀ ਪੁਲਿਸ ਦਾ ਦਿਲੋਂ ਧੰਨਵਾਦ। ਉਨ੍ਹਾਂ ਲੋਕਾਂ ਦਾ ਵੀ ਧੰਨਵਾਦ ਜੋ ਇਸ ਸਥਿਤੀ ਵਿੱਚ ਮੇਰੇ ਨਾਲ ਢਾਲ ਬਣ ਕੇ ਖੜ੍ਹੇ ਰਹੇ।’’
ਰਸ਼ਮਿਕਾ ਨੇ ਅੱਗੇ ਕਿਹਾ, “ਇਹ ਬਹੁਤ ਗਲਤ ਹੈ ਜੇਕਰ ਤੁਹਾਡੀਆਂ ਫੋਟੋਆਂ ਦੀ ਵਰਤੋਂ ਤੁਹਾਡੀ ਸਹਿਮਤੀ ਤੋਂ ਬਿਨਾਂ ਕੀਤੀ ਜਾਂਦੀ ਹੈ ਜਾਂ ਉਨ੍ਹਾਂ ਨਾਲ ਛੇੜਛਾੜ ਕੀਤੀ ਜਾਂਦੀ ਹੈ, ਪਰ ਤੁਹਾਡੇ ਆਸ-ਪਾਸ ਲੋਕ ਤੁਹਾਡਾ ਸਮਰਥਨ ਕਰ ਰਹੇ ਹਨ। ਉਸਨੂੰ ਨੂੰ ਯਾਦ ਰੱਖੋ ਜੋ ਤੁਹਾਨੂੰ ਕਾਰਵਾਈ ਕਰਨ ਵਿੱਚ ਮਦਦ ਕਰੇਗਾ।”
ਹੈਦਰਾਬਾਦ ‘ਚ ‘ਐਨੀਮਲ’ ਦੇ ਪ੍ਰਮੋਸ਼ਨ ਦੌਰਾਨ ਰਸ਼ਮਿਕਾ ਨੇ ਡੀਪਫੇਕ ਵੀਡੀਓ ਬਾਰੇ ਕਿਹਾ ਕਿ ਜਦੋਂ ਮੈਂ ਪਹਿਲੀ ਵਾਰ ਡੀਪਫੇਕ ਵੀਡੀਓ ਦੇਖੀ ਤਾਂ ਮੈਂ ਬਹੁਤ ਡਰ ਗਈ ਸੀ। ਮੈਨੂੰ ਲੱਗਾ ਕਿ ਮੈਨੂੰ ਆਪਣੀ ਟੀਮ ਤੋਂ ਕੋਈ ਸਮਰਥਨ ਨਹੀਂ ਮਿਲੇਗਾ। ਅਮਿਤਾਭ ਬੱਚਨ ਉਨ੍ਹਾਂ ਦਾ ਸਮਰਥਨ ਕਰਨ ਵਾਲੇ ਪਹਿਲੇ ਵਿਅਕਤੀ ਸਨ। ਇਸ ਤੋਂ ਬਾਅਦ ਕਈ ਲੋਕ ਮੇਰੇ ਸਮਰਥਨ ‘ਚ ਅੱਗੇ ਆਏ। ਪਹਿਲਾਂ ਤਾਂ ਡੀਪਫੇਕ ਵੀਡੀਓ ਨੇ ਮੇਰੇ ‘ਤੇ ਬਹੁਤ ਪ੍ਰਭਾਵ ਪਾਇਆ। ਇਹ ਡੀਪਫੇਕ ਕੋਈ ਆਮ ਵੀਡੀਓ ਨਹੀਂ ਹੈ, ਇਸ ਲਈ ਮੈਂ ਇਸ ਬਾਰੇ ਗੱਲ ਕਰਨ ਦਾ ਫੈਸਲਾ ਕੀਤਾ ਹੈ।
ਰਸ਼ਮਿਕਾ ਮੰਦਾਨਾ ਤੋਂ ਬਾਅਦ ਕੈਟਰੀਨਾ ਕੈਫ, ਕਾਜੋਲ, ਆਲੀਆ ਭੱਟ ਦਾ ਡੀਪਫੇਕ ਵੀਡੀਓ ਵਾਇਰਲ ਹੋਇਆ। ਇਸ ਤੋਂ ਇਲਾਵਾ ਹਾਲ ਹੀ ਵਿੱਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਇੱਕ ਡੀਪਫੇਕ ਵੀਡੀਓ ਵੀ ਸਾਹਮਣੇ ਆਇਆ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
