ਨਵੀਂ ਦਿੱਲੀ, 04 ਅਕਤੂਬਰ। ਕਮਜ਼ੋਰ ਗਲੋਬਲ ਸੰਕੇਤਾਂ ਦਾ ਅਸਰ ਅੱਜ ਘਰੇਲੂ ਸ਼ੇਅਰ ਬਾਜ਼ਾਰ ‘ਤੇ ਸਾਫ ਦਿਖਾਈ ਦੇ ਰਿਹਾ ਹੈ। ਗਲੋਬਲ ਦਬਾਅ ਕਾਰਨ ਸੈਂਸੈਕਸ ਅਤੇ ਨਿਫਟੀ ਦੋਵੇਂ ਸੂਚਕਾਂਕ ਵੱਡੀ ਗਿਰਾਵਟ ਦਾ ਸ਼ਿਕਾਰ ਹੋਏ ਹਨ। ਅੱਜ ਦਾ ਕਾਰੋਬਾਰ ਕਮਜ਼ੋਰੀ ਨਾਲ ਸ਼ੁਰੂ ਹੋਇਆ। ਬਾਜ਼ਾਰ ਖੁੱਲ੍ਹਣ ਤੋਂ ਤੁਰੰਤ ਬਾਅਦ ਵਿਕਰੇਤਾਵਾਂ ਨੇ ਦਬਾਅ ਪਾਇਆ, ਹਾਲਾਂਕਿ ਖਰੀਦਦਾਰਾਂ ਨੇ ਵੀ ਕਈ ਵਾਰ ਖਰੀਦਦਾਰੀ ਦਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਬਾਜ਼ਾਰ ਲਾਲ ਰੰਗ ‘ਚ ਬਣਿਆ ਰਿਹਾ। ਕਾਰੋਬਾਰ ਦੋਰਾਨ 11:00 ਵਜੇ ਤੱਕ ਸੈਂਸੈਕਸ 377.93 ਅੰਕ ਭਾਵ 0.58 ਫੀਸਦੀ ਦੀ ਗਿਰਾਵਟ ਨਾਲ 65,134.17 ਅੰਕ ’ਤੇ ਅਤੇ ਨਿਫਟੀ 110.45 ਅੰਕ ਭਾਵ 0.57 ਫੀਸਦੀ ਦੀ ਗਿਰਾਵਟ ਨਾਲ 19,418.30 ਅੰਕ ਦੇ ਪੱਧਰ ’ਤੇ ਕਾਰੋਬਾਰ ਕਰ ਰਹੇ ਸਨ।
ਸ਼ੁਰੂਆਤੀ ਇੱਕ ਘੰਟੇ ਦੇ ਕਾਰੋਬਾਰ ਤੋਂ ਬਾਅਦ ਸ਼ੇਅਰ ਬਾਜ਼ਾਰ ਦੇ ਵੱਡੇ ਸ਼ੇਅਰਾਂ ਵਿੱਚੋਂ ਨੇਸਲੇ, ਬੀਪੀਸੀਐਲ, ਡਾਕਟਰ ਰੈੱਡੀਜ਼ ਲੈਬਾਰਟਰੀਜ਼, ਹਿੰਦੁਸਤਾਨ ਯੂਨੀਲੀਵਰ ਅਤੇ ਐਚਡੀਐਫਸੀ ਬੈਂਕ ਦੇ ਸ਼ੇਅਰ 1.49 ਫੀਸਦੀ ਤੋਂ 0.36 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਇੰਡਸਇੰਡ ਬੈਂਕ, ਐਕਸਿਸ ਬੈਂਕ, ਬਜਾਜ ਫਿਨਸਰਵ, ਮਾਰੂਤੀ ਸੁਜ਼ੂਕੀ ਅਤੇ ਐਨਟੀਪੀਸੀ ਦੇ ਸ਼ੇਅਰ 3.08 ਫੀਸਦੀ ਤੋਂ 1.70 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਸੈਂਸੈਕਸ ‘ਚ ਸ਼ਾਮਲ 30 ਸ਼ੇਅਰਾਂ ‘ਚੋਂ 05 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਨਿਸ਼ਾਨ ‘ਤੇ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 25 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ। ਜਦੋਂ ਕਿ ਨਿਫਟੀ ‘ਚ ਸ਼ਾਮਲ ਸ਼ੇਅਰਾਂ ‘ਚੋਂ 07 ਸ਼ੇਅਰ ਹਰੇ ਨਿਸ਼ਾਨ ‘ਚ ਅਤੇ 43 ਸ਼ੇਅਰ ਲਾਲ ਨਿਸ਼ਾਨ ‘ਚ ਕਾਰੋਬਾਰ ਕਰਦੇ ਦਿਖਾਈ ਦਿੱਤੇ।
ਬੀਐੱਸਈ ਦਾ ਸੈਂਸੈਕਸ ਅੱਜ 181.45 ਅੰਕਾਂ ਦੀ ਕਮਜ਼ੋਰੀ ਨਾਲ 65,330.65 ਅੰਕਾਂ ਦੇ ਪੱਧਰ ‘ਤੇ ਖੁੱਲ੍ਹਿਆ। ਕਾਰੋਬਾਰ ਸ਼ੁਰੂ ਹੁੰਦੇ ਹੀ ਬਿਕਵਾਲੀ ਦੇ ਦਬਾਅ ਕਾਰਨ ਕੁਝ ਹੀ ਸਮੇਂ ‘ਚ ਇਹ ਸੂਚਕਾਂਕ 530 ਅੰਕਾਂ ਤੋਂ ਜ਼ਿਆਦਾ ਡਿੱਗ ਕੇ 64,978.97 ਅੰਕਾਂ ਦੇ ਪੱਧਰ ‘ਤੇ ਪਹੁੰਚ ਗਿਆ। ਹਾਲਾਂਕਿ ਇਸ ਤੋਂ ਬਾਅਦ ਖਰੀਦਦਾਰਾਂ ਨੇ ਖਰੀਦਦਾਰੀ ਦਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਸੂਚਕਾਂਕ 65,332.52 ਅੰਕਾਂ ‘ਤੇ ਪਹੁੰਚ ਗਿਆ, ਪਰ ਇਸ ਤੋਂ ਬਾਅਦ ਇਕ ਵਾਰ ਫਿਰ ਵਿਕਰੀ ਦੇ ਦਬਾਅ ਕਾਰਨ ਇਸ ਨੇ ਗੋਤਾ ਲਗਾ ਦਿੱਤਾ।
ਸੈਂਸੈਕਸ ਦੀ ਤਰ੍ਹਾਂ ਐੱਨਐੱਸਈ ਨਿਫਟੀ ਨੇ ਵੀ ਅੱਜ 82.45 ਅੰਕ ਦੀ ਗਿਰਾਵਟ ਨਾਲ 19,446.30 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ। ਜਿਵੇਂ ਹੀ ਬਾਜ਼ਾਰ ਖੁੱਲ੍ਹਿਆ ਤਾਂ ਬਿਕਵਾਲੀ ਦੇ ਦਬਾਅ ਕਾਰਨ ਇਹ ਸੂਚਕਾਂਕ 19,375.40 ਅੰਕ ਤੱਕ ਡਿੱਗ ਗਿਆ। ਹਾਲਾਂਕਿ, ਇਸ ਤੋਂ ਬਾਅਦ ਜਿਵੇਂ ਹੀ ਖਰੀਦਦਾਰੀ ਦਾ ਦਬਾਅ ਵਧਿਆ ਸੂਚਕਾਂਕ ’ਚ ਸੁਧਾਰ ਹੋ ਕੇ 19,457.80 ਅੰਕਾਂ ‘ਤੇ ਪਹੁੰਚ ਗਿਆ, ਪਰ ਇਸ ਤੋਂ ਬਾਅਦ ਸੂਚਕਾਂਕ ਫਿਰ ਤੋਂ ਵਿਕਰੀ ਦੇ ਦਬਾਅ ਦਾ ਸ਼ਿਕਾਰ ਹੋ ਗਿਆ।
ਜ਼ਿਕਰਯੋਗ ਹੈ ਕਿ ਆਖਰੀ ਕਾਰੋਬਾਰੀ ਦਿਨ ਮੰਗਲਵਾਰ ਨੂੰ ਸੈਂਸੈਕਸ 316.31 ਅੰਕ ਜਾਂ 0.48 ਫੀਸਦੀ ਦੀ ਕਮਜ਼ੋਰੀ ਨਾਲ 65,512.10 ਅੰਕਾਂ ਦੇ ਪੱਧਰ ‘ਤੇ ਅਤੇ ਨਿਫਟੀ 109.55 ਅੰਕ ਜਾਂ 0.56 ਫੀਸਦੀ ਡਿੱਗ ਕੇ 19,528.75 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ ਸੀ।
