ਨਵੀਂ ਦਿੱਲੀ, 22 ਦਸੰਬਰ (ਹਿ. ਸ.)। ਕੇਂਦਰ ਸਰਕਾਰ ਨੇ 19 ਕਿਲੋ ਦੇ ਐੱਲਪੀਜੀ ਸਿਲੰਡਰ ਦੀ ਕੀਮਤ ਘਟਾ ਦਿੱਤੀ ਹੈ। ਇਸ ਕਟੌਤੀ ਤੋਂ ਬਾਅਦ 19 ਕਿਲੋ ਦੇ ਕਮਰਸ਼ੀਅਲ ਐੱਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ 39 ਰੁਪਏ ਦੀ ਕਮੀ ਆਈ ਹੈ। ਹਾਲਾਂਕਿ, ਸਰਕਾਰ ਦੇ ਇਸ ਕਦਮ ਨਾਲ ਘਰੇਲੂ ਔਰਤਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ, ਕਿਉਂਕਿ ਘਰ ਵਿੱਚ ਵਰਤੇ ਜਾਣ ਵਾਲੇ 14 ਕਿਲੋਗ੍ਰਾਮ ਦੇ ਐੱਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਕਟੌਤੀ ਤੋਂ ਬਾਅਦ ਦਿੱਲੀ ਵਿੱਚ ਵਪਾਰਕ ਸਿਲੰਡਰ ਦੀ ਕੀਮਤ 1,796.50 ਰੁਪਏ ਤੋਂ ਘੱਟ ਕੇ 1,757.50 ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਮੁੰਬਈ ‘ਚ ਇਸ ਦੀ ਕੀਮਤ 1,749 ਰੁਪਏ ਤੋਂ ਘੱਟ ਕੇ 1,710 ਰੁਪਏ, ਕੋਲਕਾਤਾ ‘ਚ 1,908 ਰੁਪਏ ਤੋਂ ਘੱਟ ਕੇ 1,869 ਰੁਪਏ ਅਤੇ ਚੇਨਈ ‘ਚ 1,968.50 ਰੁਪਏ ਤੋਂ ਘੱਟ ਕੇ 1,929.50 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ 1 ਦਸੰਬਰ ਨੂੰ ਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ 21 ਰੁਪਏ ਪ੍ਰਤੀ ਸਿਲੰਡਰ ਵਧਾਈ ਗਈ ਸੀ।
ਪਿਛਲੇ ਕੁਝ ਸਮੇਂ ਤੋਂ ਕਮਰਸ਼ੀਅਲ ਐੱਲਪੀਜੀ ਗੈਸ ਸਿਲੰਡਰ ਦੀ ਕੀਮਤ ਹਰ ਮਹੀਨੇ ਬਦਲ ਰਹੀ ਹੈ। ਦਸੰਬਰ ਤੋਂ ਪਹਿਲਾਂ 16 ਨਵੰਬਰ ਨੂੰ ਵਪਾਰਕ ਰਸੋਈ ਗੈਸ ਸਿਲੰਡਰ ਦੀ ਕੀਮਤ 57 ਰੁਪਏ ਘਟਾਈ ਗਈ ਸੀ, ਜਦੋਂ ਕਿ ਇਸ ਤੋਂ ਪਹਿਲਾਂ 1 ਨਵੰਬਰ ਨੂੰ ਇਸ ਦੀ ਕੀਮਤ 100 ਰੁਪਏ ਪ੍ਰਤੀ ਸਿਲੰਡਰ ਵਧ ਗਈ ਸੀ।
ਜੇਕਰ ਘਰੇਲੂ ਐੱਲਪੀਜੀ ਸਿਲੰਡਰ ਦੀ ਗੱਲ ਕਰੀਏ ਤਾਂ ਅਗਸਤ 2023 ਤੋਂ ਬਾਅਦ ਇਸਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਪਿਛਲੀ ਵਾਰ 30 ਅਗਸਤ ਨੂੰ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 200 ਰੁਪਏ ਦੀ ਕਟੌਤੀ ਕੀਤੀ ਗਈ ਸੀ। ਇਸ ਕਟੌਤੀ ਤੋਂ ਬਾਅਦ ਦਿੱਲੀ ‘ਚ ਘਰੇਲੂ ਐੱਲਪੀਜੀ ਗੈਸ ਸਿਲੰਡਰ 903 ਰੁਪਏ ਦੀ ਕੀਮਤ ‘ਚ ਉਪਲੱਬਧ ਹੈ। ਇਸ ਤੋਂ ਇਲਾਵਾ ਕੋਲਕਾਤਾ ‘ਚ ਐੱਲਪੀਜੀ ਗੈਸ ਸਿਲੰਡਰ ਦੀ ਕੀਮਤ 929 ਰੁਪਏ ਅਤੇ ਮੁੰਬਈ ‘ਚ 902.50 ਰੁਪਏ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
