ਕੋਲੰਬੋ, 10 ਜਨਵਰੀ (ਹਿ.ਸ.)। ਜ਼ਿੰਬਾਬਵੇ ਦੇ ਖਿਲਾਫ ਟੀ-20 ਸੀਰੀਜ਼ ਲਈ ਸ਼੍ਰੀਲੰਕਾ ਦੀ ਟੀਮ ਦਾ ਮੰਗਲਵਾਰ ਨੂੰ ਐਲਾਨ ਕਰ ਦਿੱਤਾ ਗਿਆ ਹੈ। ਤਜਰਬੇਕਾਰ ਆਲਰਾਊਂਡਰ ਐਂਜੇਲੋ ਮੈਥਿਊਜ਼ ਦੀ ਟੀਮ ‘ਚ ਵਾਪਸੀ ਹੋਈ ਹੈ। ਮੈਥਿਊਜ਼ ਲਗਭਗ ਤਿੰਨ ਸਾਲਾਂ ਵਿੱਚ ਆਪਣਾ ਪਹਿਲਾ ਟੀ-20 ਅੰਤਰਰਾਸ਼ਟਰੀ ਖੇਡਣ ਲਈ ਤਿਆਰ ਹਨ। ਵਾਨਿੰਦੂ ਹਸਰੰਗਾ ਦੀ ਬਤੌਰ ਕਪਤਾਨ ਇਹ ਪਹਿਲੀ ਸੀਰੀਜ਼ ਹੋਵੇਗੀ।
ਇਸ ਤੋਂ ਇਲਾਵਾ ਬੱਲੇਬਾਜ਼ ਕੁਸਲ ਪਰੇਰਾ ਅਤੇ ਧਨੰਜੈ ਡੀ ਸਿਲਵਾ ਵੀ ਟੀਮ ‘ਚ ਹਨ, ਜੋ ਮੌਜੂਦਾ ਵਨਡੇ ਲਈ ਟੀਮ ‘ਚ ਨਹੀਂ ਹਨ, ਉਨ੍ਹਾਂ ਦੇ ਨਾਲ ਸਪਿਨਰ ਅਕਿਲਾ ਧਨੰਜੇ, ਰਾਊਂਡ ਆਰਮ ਸੀਮ ਗੇਂਦਬਾਜ਼ ਨੁਵਾਨ ਥੁਸ਼ਾਰਾ ਅਤੇ ਬੱਲੇਬਾਜ਼ੀ ਆਲਰਾਊਂਡਰ ਕਾਮਿੰਡੂ ਮੈਂਡਿਸ ਵੀ ਟੀਮ ਵਿੱਚ ਹਨ।
ਇਸ ਟੀਮ ਤੋਂ ਬਾਹਰ ਕੀਤੇ ਗਏ ਖਿਡਾਰੀਆਂ ਵਿੱਚ ਸਲਾਮੀ ਬੱਲੇਬਾਜ਼ ਅਵਿਸ਼ਕਾ ਫਰਨਾਂਡੋ ਅਤੇ ਸਿਖਰਲੇ ਕ੍ਰਮ ਦੇ ਬੱਲੇਬਾਜ਼ ਨੁਵਾਨੀਡੂ ਫਰਨਾਂਡੋ ਅਤੇ ਜੇਨਿਥ ਲਿਆਨਾਗੇ ਸ਼ਾਮਲ ਹਨ, ਜੋ ਜ਼ਿੰਬਾਬਵੇ ਦੇ ਖਿਲਾਫ ਦੂਜੇ ਵਨਡੇ ਵਿੱਚ ਪਲੇਅਰ ਆਫ ਦਿ ਮੈਚ ਰਹੇ ਸਨ। ਇਸ ਤੋਂ ਇਲਾਵਾ ਆਲਰਾਊਂਡਰ ਡੁਨਿਥ ਵੇਲਾਲੇਜ, ਤੇਜ਼ ਗੇਂਦਬਾਜ਼ ਪ੍ਰਮੋਦ ਮਦੁਸ਼ਨ ਅਤੇ ਲੈੱਗ ਸਪਿਨਰ ਜੈਫਰੀ ਵਾਂਡਰਸੇ ਵੀ ਟੀਮ ‘ਚ ਨਹੀਂ ਹਨ। ਪਥੁਮ ਨਿਸਾਂਕਾ ਨੂੰ ਪਿਛਲੇ ਹਫਤੇ ਸ਼ੱਕੀ ਡੇਂਗੂ ਨਾਲ ਹਸਪਤਾਲ ‘ਚ ਭਰਤੀ ਹੋਣ ਤੋਂ ਬਾਅਦ ਫਿਟਨੈੱਸ ਦੇ ਆਧਾਰ ‘ਤੇ ਨਾਮਜ਼ਦ ਕੀਤਾ ਗਿਆ ਹੈ।
ਇਹ ਤਿੰਨ ਟੀ-20 ਮੈਚ ਇਸ ਸਾਲ ਦੇ ਅੰਤ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਸ਼੍ਰੀਲੰਕਾ ਦੀ ਤੀਬਰ ਤਿਆਰੀ ਦੀ ਨਿਸ਼ਾਨਦੇਹੀ ਕਰਨਗੇ। ਸ਼੍ਰੀਲੰਕਾ ਨੇ 2023 ‘ਚ ਸਿਰਫ ਸੱਤ ਟੀ-20 ਮੈਚ ਖੇਡੇ। ਤਿੰਨੋਂ ਟੀ-20 ਮੈਚ 14, 16 ਅਤੇ 18 ਜਨਵਰੀ ਨੂੰ ਕੇਟਾਰਾਮਾ ਵਿੱਚ ਖੇਡੇ ਜਾਣਗੇ।
ਸ਼੍ਰੀਲੰਕਾ ਦੀ ਟੀਮ ਇਸ ਤਰ੍ਹਾਂ ਹੈ : ਵਾਨਿੰਦੂ ਹਸਰੰਗਾ (ਕਪਤਾਨ), ਚਰਿਥ ਅਸਲਾਂਕਾ, ਕੁਸਲ ਮੈਂਡਿਸ, ਸਦਿਰਾ ਸਮਰਵਿਕ੍ਰਮਾ, ਕੁਸਲ ਪਰੇਰਾ, ਐਂਜੇਲੋ ਮੈਥਿਊਜ਼, ਦਾਸੁਨ ਸ਼ਨਾਕਾ, ਧਨੰਜੈ ਡੀ ਸਿਲਵਾ, ਕਾਮਿੰਡੂ ਮੈਂਡਿਸ, ਪਥੁਮ ਨਿਸਾਂਕਾ, ਮਹਿਸ਼ ਥੀਕਸ਼ਾਨਾ, ਦੁਸ਼ਮੰਥਾ ਚਮੀਰਾ, ਦਿਲਸ਼ਾਨ ਮਦੁਸ਼ੰਕਾ, ਮਥੀਸ਼ਾ ਪਥੀਰਾਨਾ, ਨੁਵਾਨ ਤੁਸ਼ਾਰਾ, ਅਕਿਲਾ ਧਨੰਜੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
