ਹੈਦਰਾਬਾਦ, 10 ਜਨਵਰੀ (ਹਿ. ਸ.)। ਤੇਲੰਗਾਨਾ ਦੇ ਨਾਮਪੱਲੀ ਰੇਲਵੇ ਸਟੇਸ਼ਨ ‘ਤੇ ਚਾਰਮੀਨਾਰ ਐਕਸਪ੍ਰੈਸ ਦੇ ਤਿੰਨ ਡੱਬੇ ਪਟੜੀ ਤੋਂ ਉੱਤਰ ਗਏ। ਘਟਨਾ ਸਵੇਰੇ ਕਰੀਬ 9:15 ਦੀ ਦੱਸੀ ਜਾ ਰਹੀ ਹੈ, ਜਿਸ ’ਚ 5 ਲੋਕ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਹੈਦਰਾਬਾਦ ਤੋਂ ਚੇਨਈ ਜਾ ਰਹੀ ਚਾਰਮੀਨਾਰ ਐਕਸਪ੍ਰੈਸ ਅੱਜ ਭਾਵ ਬੁੱਧਵਾਰ ਸਵੇਰੇ ਭਾਰਤ ਦੇ ਹੈਦਰਾਬਾਦ ਦੇ ਨਾਮਪੱਲੀ ਰੇਲਵੇ ਸਟੇਸ਼ਨ ‘ਤੇ ਪਟੜੀ ਤੋਂ ਉਤਰ ਗਈ। ਇਸ ਦੌਰਾਨ ਰੇਲਗੱਡੀ ਅੰਸ਼ਕ ਤੌਰ ‘ਤੇ ਪਲੇਟਫਾਰਮ ਦੀ ਕੰਧ ਨਾਲ ਟਕਰਾ ਗਈ।
ਦੱਖਣੀ ਮੱਧ ਰੇਲਵੇ ਦੇ ਸੀਪੀਆਰਓ ਰਾਕੇਸ਼ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 9.15 ਵਜੇ ਵਾਪਰੀ। ਇਹ ਰੇਲਵੇ ਸਟੇਸ਼ਨ ਇੱਕ ਟਰਮੀਨਲ ਸਟੇਸ਼ਨ ਹੈ ਜਿੱਥੇ ਰੇਲ ਗੱਡੀਆਂ ਸਮਾਪਤ ਹੁੰਦੀਆਂ ਹਨ। ਟਰੇਨ ਨੂੰ ਸਮਾਪਤੀ ਤੋਂ ਪਹਿਲਾਂ ਰੁਕਣਾ ਚਾਹੀਦਾ ਸੀ, ਪਰ ਟਰੇਨ ਅੱਗੇ ਚਲੀ ਗਈ। ਘਟਨਾ ‘ਚ ਟਰੇਨ ਦੇ 3 ਡੱਬੇ ਪਟੜੀ ਤੋਂ ਉਤਰ ਗਏ। ਇਸ ਘਟਨਾ ਵਿੱਚ ਰੇਲਗੱਡੀ ਦੇ ਦਰਵਾਜ਼ੇ ਕੋਲ ਖੜ੍ਹੇ 5 ਦੇ ਕਰੀਬ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਉਨ੍ਹਾਂ ਦਾ ਰੇਲਵੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
