ਜੈਤੋ, 04 ਨਵੰਬਰ (ਹਿ. ਸ.)। ਸਥਾਨਕ ਜੈਤੋ ਵਿਖੇ ਬੀਤੇ ਦਿਨੀਂ ਤੜਕੇ 3 ਵਜੇ ਦੇ ਕਰੀਬ ਅਣਪਛਾਤੇ ਚੋਰਾਂ ਨੇ ਸ਼ਹਿਰ ਦੀਆਂ 5 ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਦੁਕਾਨਾਂ ’ਚੋਂ ਲੱਖਾਂ ਰੁਪਏ ਦੀ ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਲਿਆ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਬਰੀਜ਼ਾ ਕਾਰ ‘ਚ ਆਏ ਇਨ੍ਹਾਂ ਚੋਰਾਂ ਨੇ ਸਥਾਨਕ ਚੌਕ ਨੰਬਰ 2 ਨੇੜੇ ਇਕ ਕਰਿਆਨੇ ਦੀ ਦੁਕਾਨ ਦਾ ਸ਼ਟਰ ਤੋੜ ਕੇ 15 ਹਜ਼ਾਰ ਰੁਪਏ ਦੀ ਨਕਦੀ ਅਤੇ ਕੁਝ ਚਾਂਦੀ ਦੇ ਸਿੱਕੇ ਚੋਰੀ ਕਰ ਲਏ | ਇਸੇ ਤਰ੍ਹਾਂ ਸਥਾਨਕ ਨਹਿਰੂ ਪਾਰਕ ਦੇ ਗੇਟ ਸਾਹਮਣੇ ਮਾਰਕੀਟ ਵਿੱਚ ਸਥਿਤ ਨਿਊ ਟਰੇਡਿੰਗ ਕੰਪਨੀ ਦੇ ਮਾਲਕ ਸਤਿੰਦਰ ਕਟਾਰੀਆ ਅਨੁਸਾਰ ਚੋਰਾਂ ਨੇ ਉਨ੍ਹਾਂ ਦੀ ਦੁਕਾਨ ਵਿੱਚੋਂ 1 ਲੱਖ 25 ਹਜ਼ਾਰ ਰੁਪਏ ਦੀ ਨਕਦੀ ਅਤੇ ਕਰੀਬ 50 ਹਜ਼ਾਰ ਰੁਪਏ ਦੀ ਕੀਮਤ ਦੀਆਂ 3 ਐਲ.ਈ.ਡੀਜ਼ ਅਤੇ ਕੈਮਰੇ ਵੀ ਚੋਰੀ ਕਰ ਲਏ। ਇਸ ਤੋਂ ਬਾਅਦ ਉਨ੍ਹਾਂ ਨੇ ਨੀਰਜ ਕੁਮਾਰ ਪੁੱਤਰ ਸ਼ੰਕਰ ਦਾਸ ਦੀ ਮੈਡੀਕਲ ਦੁਕਾਨ ਦੇ ਤਾਲੇ ਤੋੜ ਕੇ 10 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਇਸ ਤੋਂ ਇਲਾਵਾ ਦੋ ਹੋਰ ਦੁਕਾਨਾਂ ਤੋਂ ਵੀ ਨਕਦੀ ਅਤੇ ਸਾਮਾਨ ਚੋਰੀ ਕਰ ਲਿਆ। ਸਥਾਨਕ ਥਾਣਾ ਇੰਚਾਰਜ ਮਨੋਜ ਕੁਮਾਰ ਦਾ ਕਹਿਣਾ ਹੈ ਕਿ ਚੋਰਾਂ ਦੀ ਭਾਲ ਲਈ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
