ਜਲੰਧਰ, 27 ਅਕਤੂਬਰ
ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਦੀ ਰੋਕਥਾਮ ਲਈ ਭੋਗਪੁਰ ਸਹਿਕਾਰੀ ਖੰਡ ਮਿੱਲ ਵਲੋਂ ਰੋਜ਼ਾਨਾ 400 ਮੀਟਰਿਕ ਟਨ ਝੋਨੇ ਦੀ ਪਰਾਲੀ ਬਾਲਕੇ ਪਹਿਲੀ ਵਾਰ ਹਰ ਘੰਟੇ 10 ਮੈਗਾਵਾਟ ਬਿਜਲੀ ਤਿਆਰ ਕੀਤੀ ਜਾ ਰਹੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਹੁਣ ਤੱਕ ਭੋਗਪੁਰ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰ ਵਿੱਚ ਪਰਾਲੀ ਨੂੰ ਅੱਗ ਲਗਾਉਣ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ।
ਮਿੱਲ ਵਲੋਂ ਕਿਸਾਨਾਂ ਪਾਸੋਂ ਸਿੱਧੇ ਤੌਰ ’ਤੇ 180 ਤੋਂ 250 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਝੋਨੇ ਦੀ ਪਰਾਲੀ ਖ਼ਰੀਦ ਕਰਕੇ ਰੋਜ਼ਾਨਾ 400 ਮੀਟਰਿਕ ਟਨ ਝੋਨੇ ਦੀ ਪਰਾਲੀ ਵਰਤ ਕੇ ਹਰ ਘੰਟੇ 10 ਮੈਗਾਵਾਟ ਬਿਜਲੀ ਤਿਆਰ ਕੀਤੀ ਜਾ ਰਹੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਚਾਲੂ ਸੀਜ਼ਨ ਦੌਰਾਨ 40000 ਮੀਟਰਿਕ ਟਨ ਝੋਨੇ ਦੀ ਪਰਾਲੀ ਅਤੇ 10000 ਮੀਟਰਿਕ ਟਨ ਗੰਨੇ ਦਾ ਚੂਰਾ ਖ਼ਰੀਦਣ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਿਲ ਵਲੋਂ ਝੋਨੇ ਦੀ ਪਰਾਲੀ 7 ਮਹੀਨੇ ਤੇ ਗੰਨੇ ਦਾ ਚੂਰਾ 5 ਮਹੀਨੇ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਐਕਸ-ਸਿਟੂ ਪ੍ਰਬੰਧਨ ਰਾਹੀਂ ਇਸ ਕਟਾਈ ਦੇ ਸੀਜ਼ਨ ਦੌਰਾਨ 2.36 ਲੱਖ ਮੀਟਰਿਕ ਟਨ ਝੋਨੇ ਦੀ ਪਰਾਲੀ ਦੀ ਸੰਭਾਲ ਦੀ ਯੋਜਨਾ ਉਲੀਕੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪਾਸ 60 ਦੇ ਕਰੀਬ ਬੇਲਰ ਹਨ ਜਿਨਾਂ ਵਲੋਂ ਤਿੰਨ ਤੋਂ ਪੰਜ ਕੁਇੰਟਲ ਗੰਢਾ ਬਣਾਈਆ ਜਾ ਸਕਣਗੀਆਂ। ਇਨ੍ਹਾਂ ਗੰਢਾਂ ਨੂੰ ਜ਼ਿਲ੍ਹੇ ਵਿੱਚ ਕਿਸਾਨਾਂ ਜਾਂ ਫਾਰਮ ਗਰੁੱਪਾਂ ਵਲੋਂ ਸਿੱਧੇ ਤੌਰ ’ਤੇ ਉਦਯੋਗਾਂ ਵੇਚਿਆ ਜਾਵੇਗਾ।ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਸਿੱਧੀ ਮਿੱਲ ਨੂੰ ਵੇਚ ਕੇ ਵਾਧੂ ਆਮਦਨ ਕਮਾਈ ਜਾਵੇ ਨਾ ਕਿ ਪਰਾਲੀ ਨੂੰ ਸਾੜਨ ’ਤੇ ਪੈਸੇ ਖ਼ਰਚ ਕੀਤੇ ਜਾਣ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇੰਜੀਨੀਅਰ ਸੰਦੀਪ ਕੁਮਾਰ ਨੇ ਦੱਸਿਆ ਕਿ ਖੰਡ ਮਿਲ ਵਲੋਂ ਮਿੱਲ ਵਿਖੇ ਪਾਵਰ ਪਲਾਂਟ ਲਗਾਇਆ ਗਿਆ ਹੈ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਵਰਤ ਕੇ ਰੋਜ਼ਾਨਾ ਬਿਜਲੀ ਪੈਦਾ ਕਰਕੇ ਸਰਕਾਰ ਨੂੰ ਵੇਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਵਰਤ ਕੇ ਬਿਜਲੀ ਪੈਦਾ ਕਰਨ ਨਾਲ ਜਿਥੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਛੁਟਕਾਰਾ ਦਿਵਾਏਗਾ ਉਥੇ ਹੀ ਲੋਕਾਂ ਲਈ ਸਾਫ਼-ਸੁਥਰੇ ਵਾਤਾਵਰਣ ਨੂੰ ਵੀ ਯਕੀਨੀ ਬਣਾਇਆ ਜਾ ਸਕੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ ਭੋਗਪੁਰ ਅਤੇ ਇਸ ਦੇ ਆਲੇ-ਦੁਆਲੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ।
