ਨਵੀਂ ਦਿੱਲੀ, 27 ਅਕਤੂਬਰ । ਕੇਂਦਰੀ ਸੰਚਾਰ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਭਾਰਤ ਦੂਰਸੰਚਾਰ ਤਕਨਾਲੋਜੀ ਨਿਰਮਾਤਾ ਅਤੇ ਨਿਰਯਾਤਕ ਵਜੋਂ ਉਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਾਰਤ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਹੈ।
ਅਸ਼ਵਿਨੀ ਵੈਸ਼ਨਵ ਨੇ ਸ਼ੁੱਕਰਵਾਰ ਨੂੰ ‘ਇੰਡੀਆ ਮੋਬਾਈਲ ਕਾਂਗਰਸ’ 2023 ਦੇ ਉਦਘਾਟਨੀ ਸੈਸ਼ਨ ‘ਚ ਆਪਣੇ ਸੰਬੋਧਨ ‘ਚ ਇਹ ਗੱਲ ਕਹੀ। ਵੈਸ਼ਨਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਪੱਸ਼ਟ ਦ੍ਰਿਸ਼ਟੀ ਅਤੇ ਅਗਵਾਈ ਤੋਂ ਪ੍ਰੇਰਿਤ ਹੋ ਕੇ ਦੂਰਸੰਚਾਰ ਖੇਤਰ ਨੇ ਕੁਨੈਕਟੀਵਿਟੀ, ਸਮਰੱਥਾ ਅਤੇ ਮਿਆਰਾਂ ਵਿੱਚ ਕਈ ਮੀਲ ਪੱਥਰ ਹਾਸਲ ਕੀਤੇ ਹਨ। ਇਹ ਮੁਕੱਦਮੇਬਾਜ਼ੀ ਅਤੇ 2ਜੀ ਘੁਟਾਲੇ ਦੇ ਸਾਏ ਤੋਂ ਵੀ ਬਾਹਰ ਆ ਗਿਆ ਹੈ।
ਸੰਚਾਰ ਮੰਤਰੀ ਵੈਸ਼ਨਵ ਨੇ ਦੇਸ਼ ਵਿੱਚ 5ਜੀ ਸੇਵਾਵਾਂ ਦੇ ਤੇਜ਼ੀ ਨਾਲ ਰੋਲਆਊਟ ਅਤੇ ਭਾਰਤ ਦੇ ਸਪੱਸ਼ਟ 6ਜੀ ਵਿਜ਼ਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਟੈਲੀਕਾਮ ਡਿਜੀਟਲ ਲਈ ਰਾਹ ਪੱਧਰਾ ਕਰਦਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਧਾਨੀ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਇੰਡੀਆ ਮੋਬਾਈਲ ਕਾਂਗਰਸ ਦੇ 7ਵੇਂ ਸੰਸਕਰਨ ਦਾ ਉਦਘਾਟਨ ਕੀਤਾ।
ਜ਼ਿਕਰਯੋਗ ਹੈ ਕਿ ਇਹ ‘ਇੰਡੀਆ ਮੋਬਾਈਲ ਕਾਂਗਰਸ’ 2023 ਦਾ ਸੱਤਵਾਂ ਐਡੀਸ਼ਨ ਹੈ। ਇਸ ਵਿੱਚ 22 ਦੇਸ਼ਾਂ ਦੇ ਕਰੀਬ ਇੱਕ ਲੱਖ ਲੋਕਾਂ ਦੇ ਭਾਗ ਲੈਣ ਦੀ ਉਮੀਦ ਹੈ। ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਪੱਧਰ ਦੇ 5000 ਪ੍ਰਤੀਨਿਧੀ ਅਤੇ 400 ਸਟਾਰਟਅੱਪ ਇਸ ਵਿੱਚ ਹਿੱਸਾ ਲੈ ਰਹੇ ਹਨ।
