ਪਟਨਾ, 27 ਅਕਤੂਬਰ। ਬਿਹਾਰ ‘ਚ ਦੁਰਗਾ ਵਿਸਰਜਨ ਦੌਰਾਨ ਬੇਗੂਸਰਾਏ ਅਤੇ ਔਰੰਗਾਬਾਦ ਤੋਂ ਬਾਅਦ ਹੁਣ ਸਾਰਨ ‘ਚ ਵੀ ਮਾਹੌਲ ਖਰਾਬ ਹੋ ਗਿਆ ਹੈ। ਇੱਥੇ ਦੁਰਗਾ ਮੂਰਤੀ ਦੇ ਵਿਸਰਜਨ ਦੌਰਾਨ ਦੋ ਭਾਈਚਾਰਿਆਂ ਵਿੱਚ ਝੜਪ ਹੋ ਗਈ ਹੈ। ਇਸ ਤੋਂ ਬਾਅਦ ਇੱਥੇ ਦੋ ਦਿਨਾਂ ਲਈ ਇੰਟਰਨੈੱਟ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਫਿਲਹਾਲ ਸਥਿਤੀ ਕਾਬੂ ਹੇਠ ਹੈ। ਇਲਾਕੇ ‘ਚ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ।
ਸ਼ੁੱਕਰਵਾਰ ਸਵੇਰੇ 5 ਵਜੇ ਮੂਰਤੀ ਵਿਸਰਜਨ ਸ਼ੋਭਾ ਯਾਤਰਾ ਭਗਵਾਨ ਨਗਰ ਥਾਣਾ ਖੇਤਰ ਦੇ ਨਈ ਬਾਜ਼ਾਰ ਇਲਾਕੇ ਤੋਂ ਲੰਘ ਰਹੀ ਸੀ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋ ਭਾਈਚਾਰਿਆਂ ਵਿੱਚ ਝਗੜਾ ਹੋ ਗਿਆ ਅਤੇ ਲੋਕ ਆਹਮੋ-ਸਾਹਮਣੇ ਹੋ ਗਏ। ਮਾਮਲਾ ਵਧ ਗਿਆ ਅਤੇ ਸਥਿਤੀ ਤਣਾਅਪੂਰਨ ਹੋ ਗਈ। ਇਸ ਦੌਰਾਨ ਇੱਕ ਭਾਈਚਾਰੇ ਨੇ ਪਥਰਾਅ ਸ਼ੁਰੂ ਕਰ ਦਿੱਤਾ। ਪੰਜ ਵਿਅਕਤੀ ਜ਼ਖਮੀ ਹੋ ਗਏ ਅਤੇ ਮੂਰਤੀ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ, ਜਿਸ ਕਾਰਨ ਦੂਜੀ ਧਿਰ ਭੜਕ ਗਈ। ਜ਼ਖ਼ਮੀਆਂ ਦਾ ਸਦਰ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਪੀ ਗੌਰਵ ਮੰਗਲਾ ਅਤੇ ਡੀਐਸਪੀ ਸੰਤੋਸ਼ ਕੁਮਾਰ, ਭਗਵਾਨ ਬਾਜ਼ਾਰ ਥਾਣਾ ਮੁਖੀ ਰਣਜੀਤ ਕੁਮਾਰ ਆਪਣੀ ਟੀਮ ਨਾਲ ਮੌਕੇ ’ਤੇ ਪੁੱਜੇ ਅਤੇ ਮਾਮਲਾ ਸ਼ਾਂਤ ਕਰਵਾਇਆ। ਇਸ ਤੋਂ ਬਾਅਦ ਘਟਨਾ ਵਾਲੀ ਥਾਂ ‘ਤੇ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਪੁਲਿਸ ਕਪਤਾਨ ਗੌਰਵ ਮੰਗਲਾ ਨੇ ਖੁਦ ਆਪਣੀ ਨਿਗਰਾਨੀ ਹੇਠ ਹਰੇਕ ਮੂਰਤੀ ਦਾ ਵਿਸਰਜਨ ਕਰਵਾਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
