ਹਾਂਗਜ਼ੂ, 29 ਸਤੰਬਰ (ਹਿ. ਸ.)। ਏਸ਼ੀਆਈ ਖੇਡਾਂ ’ਚ ਸ਼ੁੱਕਰਵਾਰ ਨੂੰ 17 ਸਾਲਾ ਪਲਕ ਨੇ 10 ਮੀਟਰ ਏਅਰ ਪਿਸਟਲ ਦੇ ਫਾਈਨਲ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਨੂੰ ਅੱਠਵਾਂ ਸੋਨ ਤਮਗਾ ਦਿਵਾਇਆ, ਜਦਕਿ ਉਨ੍ਹਾਂ ਦੀ ਹਮਵਤਨ ਈਸ਼ਾ ਨੇ ਚਾਂਦੀ ਦਾ ਤਮਗਾ ਜਿੱਤਿਆ। ਇਸ ਨਾਲ ਉਨ੍ਹਾਂ ਨੇ ਇਨ੍ਹਾਂ ਖੇਡਾਂ ’ਚ ਚੌਥਾ ਤਮਗਾ ਜਿੱਤਿਆ।
ਜਕਾਰਤਾ ਏਸ਼ੀਆਡ ਤੋਂ ਬਾਅਦ ਹੀ ਸ਼ੂਟਿੰਗ ਸ਼ੁਰੂ ਕਰਨ ਵਾਲੀ ਪਲਕ ਨੇ 242.1 ਦੇ ਨਵੇਂ ਏਸ਼ਿਆਈ ਖੇਡਾਂ ਦੇ ਰਿਕਾਰਡ ਸਕੋਰ ਨਾਲ ਸੋਨ ਤਮਗਾ ਜਿੱਤਿਆ ਅਤੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਥੇ ਹੀ ਈਸ਼ਾ ਨੇ 239.7 ਦੇ ਸਕੋਰ ਨਾਲ ਚਾਂਦੀ ਦਾ ਤਗਮਾ ਜਿੱਤਿਆ। ਏਸ਼ੀਅਨ ਖੇਡਾਂ ਵਿੱਚ ਇਹ ਉਨ੍ਹਾਂ ਦਾ ਚੌਥਾ ਤਮਗਾ ਸੀ, ਜਿਸ ਤੋਂ ਪਹਿਲਾਂ ਉਨ੍ਹਾਂ ਨੇ ਦੋ ਟੀਮ ਤਗਮੇ (10 ਮੀਟਰ ਏਅਰ ਪਿਸਟਲ ਵਿੱਚ ਚਾਂਦੀ, 25 ਮੀਟਰ ਪਿਸਟਲ ਵਿੱਚ ਸੋਨਾ) ਅਤੇ 25 ਮੀਟਰ ਪਿਸਟਲ ਵਿੱਚ ਇੱਕ ਵਿਅਕਤੀਗਤ ਚਾਂਦੀ ਦਾ ਤਗਮਾ ਜਿੱਤਿਆ ਸੀ।
ਇਸ ਤੋਂ ਪਹਿਲਾਂ ਸਵਪਨਿਲ ਕੁਸਲ, ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਅਤੇ ਅਖਿਲ ਸ਼ਿਓਰਨ ਦੀ ਪੁਰਸ਼ ਤਿਕੜੀ ਨੇ ਸ਼ੁੱਕਰਵਾਰ ਨੂੰ 50 ਮੀਟਰ ਰਾਈਫਲ ਪੁਰਸ਼ 3ਪੀ ਈਵੈਂਟ ’ ਸੋਨ ਤਮਗਾ ਜਿੱਤਿਆ। ਟੀਮ ਇੰਡੀਆ ਨੇ 1769 ਅੰਕਾਂ ਨਾਲ ਸੋਨ ਤਮਗਾ ਜਿੱਤਿਆ, ਜਦਕਿ ਚੀਨ (1763) ਅਤੇ ਕੋਰੀਆ ਗਣਰਾਜ (1748) ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ।
ਇਸ ਤੋਂ ਪਹਿਲਾਂ ਈਸ਼ਾ ਸਿੰਘ, ਪਲਕ ਅਤੇ ਦਿਵਿਆ ਸੁਬਾਰਾਜੂ ਦੀ ਨਿਸ਼ਾਨੇਬਾਜ਼ੀ ਤਿਕੜੀ ਨੇ ਨਿਸ਼ਾਨੇਬਾਜ਼ੀ ਵਿੱਚ ਦੇਸ਼ ਦੀ ਅਜੇਤੂ ਦੌੜ ਨੂੰ ਜਾਰੀ ਰੱਖਿਆ ਅਤੇ ਸ਼ੁੱਕਰਵਾਰ ਨੂੰ ਚੱਲ ਰਹੀਆਂ ਏਸ਼ੀਆਈ ਖੇਡਾਂ ਵਿੱਚ ਔਰਤਾਂ ਦੀ 10 ਮੀਟਰ ਏਅਰ ਰਾਈਫਲ ਪਿਸਟਲ ਟੀਮ ਫਾਈਨਲ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ।
ਕੁੱਲ 1731 ਅੰਕਾਂ ਦੇ ਨਾਲ ਭਾਰਤ ਚਾਂਦੀ ਦਾ ਤਗਮਾ ਜਿੱਤਣ ਵਿੱਚ ਕਾਮਯਾਬ ਰਿਹਾ ਅਤੇ ਸੋਨ ਤਗਮੇ ਤੋਂ ਸਿਰਫ਼ ਪੰਜ ਅੰਕ ਪਿੱਛੇ, ਜਿਸ ਨੂੰ ਚੀਨ ਨੇ 1736 ਅੰਕਾਂ ਨਾਲ ਜਿੱਤਿਆ। ਚੀਨੀ ਤਾਈਪੇ ਨੇ 1723 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਸਰਬਜੋਤ ਸਿੰਘ, ਸ਼ਿਵ ਨਰਵਾਲ ਅਤੇ ਅਰਜੁਨ ਸਿੰਘ ਚੀਮਾ ਨੇ ਇੱਥੇ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਟੀਮ ਵਿੱਚ ਭਾਰਤ ਲਈ ਇੱਕ ਹੋਰ ਸੋਨ ਤਗ਼ਮਾ ਜਿੱਤਿਆ। ਸਰਬਜੋਤ ਸਿੰਘ ਨੇ ਮੈਚ-ਅੱਪ ਵਿੱਚ ਵਾਪਸੀ ਕੀਤੀ ਅਤੇ ਪੰਜਵੇਂ ਸਥਾਨ ’ਤੇ ਰਹਿ ਕੇ ਵਿਅਕਤੀਗਤ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕੀਤਾ। ਅਰਜਨ ਸਿੰਘ ਚੀਮਾ ਨੇ 8ਵੇਂ ਸਥਾਨ ’ਤੇ ਫਾਈਨਲ ਲਈ ਕੁਆਲੀਫਾਈ ਕੀਤਾ। ਸ਼ਿਵਾ ਨਰਵਾਲ 14ਵੇਂ ਸਥਾਨ ’ਤੇ ਰਹਿ ਕੇ ਵਿਅਕਤੀਗਤ ਫਾਈਨਲ ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਹੇ ਪਰ ਭਾਰਤੀ ਟੀਮ ਦਾ ਸੰਯੁਕਤ ਸਕੋਰ ਚੀਨ ਨੂੰ ਸੋਨੇ ਦੇ ਲਈ ਇਕ ਅੰਕ ਨਾਲ ਹਰਾਉਣ ਲਈ ਕਾਫੀ ਸੀ। ਭਾਰਤੀ ਟੀਮ ਨੇ 1734 ਅੰਕਾਂ ਨਾਲ ਸੋਨ ਤਮਗਾ ਜਿੱਤਿਆ, ਚੀਨ 1733 ਅੰਕਾਂ ਨਾਲ ਦੂਜੇ ਸਥਾਨ ’ਤੇ ਰਿਹਾ ਅਤੇ ਵੀਅਤਨਾਮ ਨੇ 1730 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ।
ਭਾਰਤੀ ਨਿਸ਼ਾਨੇਬਾਜ਼ਾਂ ਨੇ ਏਸ਼ਿਆਈ ਖੇਡਾਂ ਵਿੱਚ ਹੁਣ ਤੱਕ ਛੇ ਸੋਨ ਤਗ਼ਮੇ ਸਮੇਤ ਕੁੱਲ 17 ਤਗ਼ਮੇ ਜਿੱਤੇ ਹਨ। ਤਮਗਾ ਸੂਚੀ ’ਚ ਭਾਰਤ ਹੁਣ 30 ਤਗਮਿਆਂ ਨਾਲ ਚੌਥੇ ਸਥਾਨ ’ਤੇ ਆ ਗਿਆ ਹੈ, ਜਿਸ ’ਚ 8 ਸੋਨ, 11 ਚਾਂਦੀ ਅਤੇ 11 ਕਾਂਸੀ ਦੇ ਤਗਮੇ ਸ਼ਾਮਲ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
