ਨਵੀਂ ਦਿੱਲੀ, 19 ਅਕਤੂਬਰ। ਵਿਸ਼ਵ ਕੱਪ 2023 ਦੇ 17ਵੇਂ ਮੈਚ ਵਿੱਚ ਭਾਰਤ ਬਨਾਮ ਬੰਗਲਾਦੇਸ਼ ਵਿਚਾਲੇ ਮੁਕਾਬਲਾ ਹੋਵੇਗਾ। ਇਸ ਮੈਚ ਵਿੱਚ ਦੋਵੇਂ ਟੀਮਾਂ ਭਾਰਤੀ ਸਮੇਂ ਅਨੁਸਾਰ ਦੁਪਹਿਰ 2 ਵਜੇ ਤੋਂ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਪੁਣੇ ਵਿੱਚ ਭਿੜਨਗੀਆਂ। ਭਾਰਤ ਨੇ ਹੁਣ ਤੱਕ ਖੇਡੇ ਗਏ ਆਪਣੇ ਸਾਰੇ ਮੈਚ ਜਿੱਤੇ ਹਨ ਅਤੇ ਭਵਿੱਖ ਵਿੱਚ ਵੀ ਇਸ ਨੂੰ ਜਾਰੀ ਰੱਖਣਾ ਚਾਹੇਗਾ। ਭਾਰਤੀ ਟੀਮ ਨੇ ਪਹਿਲੇ ਤਿੰਨ ਮੈਚਾਂ ‘ਚ ਆਸਟ੍ਰੇਲੀਆ, ਅਫਗਾਨਿਸਤਾਨ ਅਤੇ ਪਾਕਿਸਤਾਨ ਨੂੰ ਹਰਾਇਆ ਸੀ, ਜਦਕਿ ਪਹਿਲੇ ਮੈਚ ‘ਚ ਅਫਗਾਨਿਸਤਾਨ ਨੂੰ ਹਰਾਉਣ ਤੋਂ ਬਾਅਦ ਬੰਗਲਾਦੇਸ਼ ਨੂੰ ਅਗਲੇ ਦੋ ਮੈਚਾਂ ‘ਚ ਇੰਗਲੈਂਡ ਅਤੇ ਨਿਊਜ਼ੀਲੈਂਡ ਨੇ ਹਰਾਇਆ ਸੀ।
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹੁਣ ਤੱਕ 40 ਵਨਡੇ ਖੇਡੇ ਗਏ ਹਨ, ਜਿਸ ‘ਚ ਭਾਰਤ 31-8 ਨਾਲ ਅੱਗੇ ਹੈ ਅਤੇ 1 ਮੈਚ ਰੱਦ ਹੋ ਗਿਆ ਹੈ। ਇਸ ਮੈਚ ‘ਚ ਭਾਰਤੀ ਟੀਮ ਦਾ ਬੋਲਬਾਲਾ ਰਹੇਗਾ ਪਰ ਬੰਗਲਾਦੇਸ਼ ਦੀ ਟੀਮ ਪਹਿਲਾਂ ਹੀ ਕਈ ਉਲਟਫੇਰ ਕਰ ਚੁੱਕੀ ਹੈ ਅਤੇ ਇਕ ਵਾਰ ਫਿਰ ਉਸ ਤੋਂ ਇਹੀ ਉਮੀਦ ਹੋਵੇਗੀ।
50 ਓਵਰਾਂ ਦੇ ਇਸ ਟੂਰਨਾਮੈਂਟ ਵਿੱਚ 10 ਟੀਮਾਂ ਭਾਗ ਲੈ ਰਹੀਆਂ ਹਨ। 45 ਦਿਨ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਕੁੱਲ 48 ਮੈਚ ਖੇਡੇ ਜਾਣਗੇ। ਸਾਰੀਆਂ 10 ਟੀਮਾਂ ਸਿੰਗਲ ਰਾਊਂਡ ਰੌਬਿਨ ਗਰੁੱਪ ਪੜਾਅ ਦੇ ਫਾਰਮੈਟ ਦੇ ਆਧਾਰ ‘ਤੇ ਇਕ-ਦੂਜੇ ਨਾਲ ਭਿੜਨਗੀਆਂ ਅਤੇ ਗਰੁੱਪ ਪੜਾਅ ਦੇ 45 ਮੈਚਾਂ ਤੋਂ ਬਾਅਦ ਅੰਕ ਸੂਚੀ ਦੀਆਂ ਚੋਟੀ ਦੀਆਂ 4 ਟੀਮਾਂ ਸੈਮੀਫਾਈਨਲ ‘ਚ ਪਹੁੰਚ ਜਾਣਗੀਆਂ, ਜੋ ਕਿ 15 ਅਤੇ 16 ਨਵੰਬਰ ਨੂੰ ਖੇਡੇ ਜਾਣਗੇ। ਫਾਈਨਲ 19 ਨਵੰਬਰ ਨੂੰ ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ।
ਕ੍ਰਿਕਟ ਵਿਸ਼ਵ ਕੱਪ 2023 ‘ਚ 16 ਮੈਚਾਂ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਲਗਾਤਾਰ ਚਾਰ ਜਿੱਤਾਂ ਨਾਲ ਅੰਕ ਸੂਚੀ ‘ਚ ਪਹਿਲੇ ਸਥਾਨ ‘ਤੇ ਪਹੁੰਚ ਗਈ ਹੈ। ਜਦਕਿ ਦੋ ਵਾਰ ਦਾ ਚੈਂਪੀਅਨ ਭਾਰਤ ਹੁਣ ਦੂਜੇ ਸਥਾਨ ‘ਤੇ ਹੈ। ਦੱਖਣੀ ਅਫਰੀਕਾ ਤੀਜੇ ਸਥਾਨ ‘ਤੇ ਹੈ ਅਤੇ ਪਾਕਿਸਤਾਨ ਦੋ-ਦੋ ਜਿੱਤਾਂ ਨਾਲ ਚੌਥੇ ਸਥਾਨ ‘ਤੇ ਹੈ। 3 ਮੈਚਾਂ ‘ਚ 1-1 ਦੀ ਜਿੱਤ ਨਾਲ ਇੰਗਲੈਂਡ ਪੰਜਵੇਂ ਅਤੇ ਬੰਗਲਾਦੇਸ਼ ਛੇਵੇਂ ਸਥਾਨ ‘ਤੇ ਹੈ। ਇਕ ਜਿੱਤ ਨਾਲ ਆਸਟ੍ਰੇਲੀਆ ਸੱਤਵੇਂ ਸਥਾਨ ‘ਤੇ ਹੈ। ਇਸ ਤੋਂ ਬਾਅਦ ਨੀਦਰਲੈਂਡ ਅੱਠਵੇਂ ਸਥਾਨ ‘ਤੇ, ਅਫਗਾਨਿਸਤਾਨ ਨੌਵੇਂ ਸਥਾਨ ‘ਤੇ ਅਤੇ ਲਗਾਤਾਰ ਤਿੰਨ ਮੈਚ ਹਾਰਨ ਵਾਲਾ ਸ਼੍ਰੀਲੰਕਾ ਦਸਵੇਂ ਸਥਾਨ ‘ਤੇ ਹੈ।
ਭਾਰਤੀ ਟੀਮ: ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪੰਡਯਾ (ਉਪ ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਰਵੀਚੰਦਰਨ ਅਸ਼ਵਿਨ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ।
ਬੰਗਲਾਦੇਸ਼ ਟੀਮ: ਸ਼ਾਕਿਬ ਅਲ ਹਸਨ (ਕਪਤਾਨ), ਮੁਸ਼ਫਿਕਰ ਰਹੀਮ (ਵਿਕਟਕੀਪਰ), ਲਿਟਨ ਦਾਸ, ਤੰਜੀਦ ਹਸਨ, ਨਜ਼ਮੁਲ ਹੁਸੈਨ ਸ਼ਾਂਤੋ, ਮੇਹਦੀ ਹਸਨ ਮਿਰਾਜ, ਤੌਹੀਦ ਹਿਰਦੌਏ, ਮੇਹੇਦੀ ਹਸਨ, ਤਸਕੀਨ ਅਹਿਮਦ, ਸ਼ੇਰਫੁਲ ਇਸਲਾਮ, ਮੁਸਤਫਿਜ਼ੁਰ ਰਹਿਮਾਨ, ਹਸਨ ਮਹਿਮੂਦ, ਤਨਜ਼ੀਮ ਹਸਨ ਸਾਕਿਬ, ਨਸੁਮ ਅਹਿਮਦ, ਮਹਿਮੂਦੁੱਲਾ
ਸੁਰਿੰਦਰ/ਸੰਜੀਵ
