ਨਵੀਂ ਦਿੱਲੀ, 20 ਅਕਤੂਬਰ। ਭਾਰਤੀ ਟੀਮ ਨੂੰ ਹਰਫਨਮੌਲਾ ਹਾਰਦਿਕ ਪੰਡਯਾ ਦੀ ਸੱਟ ਦੀ ਸਥਿਤੀ ਸਪੱਸ਼ਟ ਹੋਣ ਲਈ ਘੱਟੋ-ਘੱਟ ਇਕ ਦਿਨ ਹੋਰ ਇੰਤਜ਼ਾਰ ਕਰਨਾ ਹੋਵੇਗਾ। ਹਾਰਦਿਕ ਦਾ ਖੱਬਾ ਗਿੱਟਾ ਮਰੋੜਿਆ ਗਿਆ ਅਤੇ ਉਹ ਵੀਰਵਾਰ (19 ਅਕਤੂਬਰ) ਨੂੰ ਪੁਣੇ ਵਿੱਚ ਬੰਗਲਾਦੇਸ਼ ਦੀ ਪਾਰੀ ’ਚ ਸਿਰਫ਼ ਤਿੰਨ ਗੇਂਦਾਂ ਹੀ ਸੁੱਟ ਸਕੇ।
ਸੱਟ ਮੈਚ ਦੇ ਨੌਵੇਂ ਓਵਰ ਅਤੇ ਹਾਰਦਿਕ ਦੇ ਪਹਿਲੇ ਓਵਰ ਦੌਰਾਨ ਲੱਗੀ, ਜਦੋਂ ਉਨ੍ਹਾਂ ਫਾਲੋ-ਥਰੂ ‘ਤੇ ਆਪਣੇ ਪੈਰ ਨਾਲ ਗੇਂਦ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਹ ਸਪੋਰਟ ਸਟਾਫ ਦੇ ਨਾਲ ਡਗਮਗਾਉਂਦੇ ਹੋਏ ਮੈਦਾਨ ਤੋਂ ਬਾਹਰ ਚਲੇ ਗਏ ਅਤੇ ਆਖਰਕਾਰ ਵਿਰਾਟ ਕੋਹਲੀ ਨੇ ਓਵਰ ਪੂਰਾ ਕੀਤਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਘੋਸ਼ਣਾ ਕੀਤੀ ਸੀ ਕਿ ਪੰਡਯਾ ਸਕੈਨ ਲਈ ਗਿਆ ਗਏ ਅਤੇ ਨਤੀਜੇ ਬਾਕੀ ਹਨ।
ਕ੍ਰਿਕਬਜ਼ ਦੇ ਅਨੁਸਾਰ, ਸਕੈਨ ਰਿਪੋਰਟ ਮੁੰਬਈ ਦੇ ਇੱਕ ਮਾਹਰ ਨੂੰ ਭੇਜੀ ਜਾ ਰਹੀ ਹੈ, ਅਤੇ ਅਗਲੇਰੀ ਕਾਰਵਾਈ ਮੁੰਬਈ ਦੇ ਡਾਕਟਰ ਦੇ ਮੁਲਾਂਕਣ ਦੇ ਅਧਾਰ ‘ਤੇ ਨਿਰਧਾਰਤ ਕੀਤੀ ਜਾਵੇਗੀ। ਸਕੈਨ ਤੋਂ ਬਾਅਦ ਪੰਡਯਾ ਮੈਦਾਨ ‘ਤੇ ਪਰਤੇ। ਸਮਝਿਆ ਗਿਆ ਕਿ ਜੇਕਰ ਲੋੜ ਪੈਂਦੀ ਤਾਂ ਉਨ੍ਹਾਂ ਨੂੰ ਬੱਲੇਬਾਜ਼ੀ ਲਈ ਭੇਜਿਆ ਜਾ ਸਕਦਾ ਸੀ, ਹਾਲਾਂਕਿ ਇਸਦੀ ਕੋਈ ਲੋੜ ਨਹੀਂ ਪਈ। ਭਾਰਤ ਨੇ ਬੰਗਲਾਦੇਸ਼ ਵੱਲੋਂ ਦਿੱਤੇ 257 ਦੌੜਾਂ ਦੇ ਟੀਚੇ ਨੂੰ ਆਸਾਨੀ ਨਾਲ ਹਾਸਲ ਕਰ ਲਿਆ ਅਤੇ ਮੈਚ ਸੱਤ ਵਿਕਟਾਂ ਨਾਲ ਜਿੱਤ ਲਿਆ।
ਮੈਚ ਤੋਂ ਬਾਅਦ ਰੋਹਿਤ ਸ਼ਰਮਾ ਨੇ ਸੱਟ ਦੀ ਗੰਭੀਰਤਾ ਨੂੰ ਘੱਟ ਕਰਦੇ ਹੋਏ ਕਿਹਾ, ਉਨ੍ਹਾਂ ਨੂੰ ਥੋੜੀ ਤਕਲੀਫ ਹੋਈ ਹੈ, ਚਿੰਤਾ ਦੀ ਕੋਈ ਗੱਲ ਨਹੀਂ ਹੈ। ਅਸੀਂ ਕੱਲ੍ਹ ਸਵੇਰੇ ਦੇਖਾਂਗੇ ਕਿ ਉਹ ਕਿਵੇਂ ਮਹਿਸੂਸ ਕਰਦੇ ਹਨ ਅਤੇ ਫਿਰ ਯੋਜਨਾ ਬਣਾਵਾਂਗੇ ਕਿ ਅੱਗੇ ਕਿਵੇਂ ਵਧਣਾ ਹੈ।
ਸੁਰਿੰਦਰ/ਸੰਜੀਵ
