19 ਅਕਤੂਬਰ ਨੂੰ ਪੁਣੇ ‘ਚ ਬੰਗਲਾਦੇਸ਼ ਦੇ ਖਿਲਾਫ ਮੈਚ ਦੌਰਾਨ ਪੰਡਯਾ ਦੇ ਖੱਬੇ ਗਿੱਟੇ ‘ਤੇ ਸੱਟ ਲੱਗ ਗਈ ਸੀ ਜਦੋਂ ਉਹ ਇਕ ਓਵਰ ਦੇ ਵਿਚਕਾਰ ਆਪਣੀ ਹੀ ਗੇਂਦਬਾਜ਼ੀ ਤੋਂ ਗੇਂਦ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਡਿੱਗ ਗਏ ਸੀ, ਜਿਸ ਕਾਰਨ ਉਹ ਨਿਊਜ਼ੀਲੈਂਡ ਅਤੇ ਇੰਗਲੈਂਡ ਖਿਲਾਫ ਦੋ ਮੈਚ ਨਹੀਂ ਖੇਡ ਸਕੇ।
ਵਿਸ਼ਵ ਕੱਪ ‘ਚ ਇੰਗਲੈਂਡ ਦੇ ਖਿਲਾਫ ਐਤਵਾਰ ਨੂੰ 100 ਦੌੜਾਂ ਦੀ ਜਿੱਤ ਤੋਂ ਬਾਅਦ ਭਾਰਤ ਦੇ ਗੇਂਦਬਾਜ਼ੀ ਕੋਚ ਪਾਰਸ ਮਹਾਮਬਰੇ ਦੇ ਹਵਾਲੇ ਨਾਲ ਕਿਹਾ ਗਿਆ ਹੈ, ”ਮੈਡੀਕਲ ਟੀਮ ਇਸ ‘ਤੇ ਧਿਆਨ ਦੇ ਰਹੀ ਹੈ ਅਤੇ ਹਾਰਦਿਕ ਅਤੇ ਐੱਨਸੀਏ (ਨੈਸ਼ਨਲ ਕ੍ਰਿਕਟ ਅਕੈਡਮੀ) ਦੇ ਸੰਪਰਕ ‘ਚ ਹੈ। ਅਸੀਂ ਕੁਝ ਦਿਨਾਂ ਵਿੱਚ ਇੱਕ ਅਪਡੇਟ ਦੀ ਉਮੀਦ ਕਰ ਰਹੇ ਹਾਂ।
ਹਰਫਨਮੌਲਾ ਦੇ ਤੌਰ ‘ਤੇ ਟੀਮ ਨੂੰ ਸੰਤੁਲਨ ਪ੍ਰਦਾਨ ਕਰਨ ਵਾਲੇ ਹਾਰਦਿਕ ਦੀ ਥਾਂ ਲੈਣ ਲਈ ਭਾਰਤ ਨੇ ਮੁਹੰਮਦ ਸ਼ਮੀ ਅਤੇ ਸੂਰਿਆਕੁਮਾਰ ਯਾਦਵ ਨੂੰ ਆਪਣੇ ਗਿਆਰਾਂ ਵਿੱਚ ਸ਼ਾਮਲ ਕੀਤਾ ਹੈ ਅਤੇ ਸ਼ਾਰਦੁਲ ਠਾਕੁਰ ਨੂੰ ਬਾਹਰ ਕੀਤਾ ਹੈ। ਟੀਮ ‘ਚ ਵਾਪਸੀ ਤੋਂ ਬਾਅਦ ਤੋਂ ਸ਼ਮੀ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਨਿਊਜ਼ੀਲੈਂਡ ਖਿਲਾਫ ਪੰਜ ਅਤੇ ਇੰਗਲੈਂਡ ਖਿਲਾਫ ਸੱਤ ਓਵਰਾਂ ‘ਚ 22 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਹਨ।
ਇਹ ਲਗਭਗ ਤੈਅ ਹੈ ਕਿ ਭਾਰਤ ਹਾਰਦਿਕ ਨੂੰ ਟੀਮ ‘ਚ ਵਾਪਸ ਲਿਆਉਣ ਦੀ ਜਲਦਬਾਜ਼ੀ ਨਹੀਂ ਕਰੇਗਾ। ਹਾਰਦਿਕ ਦੀ ਗੈਰ-ਮੌਜੂਦਗੀ ਵਿੱਚ, ਭਾਰਤ ਨਾ ਸਿਰਫ ਸੈਮੀਫਾਈਨਲ ਲਈ ਲਗਭਗ ਕੁਆਲੀਫਾਈ ਕਰ ਚੁੱਕਾ ਹੈ, ਬਲਕਿ ਟੀਮ ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਆਰਾਮਦਾਇਕ ਜਿੱਤਾਂ ਵੀ ਦਰਜ ਕਰ ਰਹੀ ਹੈ। 2 ਨਵੰਬਰ ਨੂੰ ਸ਼੍ਰੀਲੰਕਾ ਖਿਲਾਫ ਹੋਣ ਵਾਲੇ ਮੈਚ ਤੋਂ ਬਾਅਦ ਭਾਰਤ ਦਾ ਅਗਲਾ ਮੈਚ 5 ਨਵੰਬਰ ਨੂੰ ਕੋਲਕਾਤਾ ‘ਚ ਦੱਖਣੀ ਅਫਰੀਕਾ ਖਿਲਾਫ ਹੈ।
