ਨਿਊਯਾਰਕ, 12 ਫਰਵਰੀ : ਬਹਾਮਿਯਨ ਐਥਲੀਟ ਡੇਵਿਨ ਚਾਰਲਟਨ ਨੇ ਐਤਵਾਰ ਨੂੰ ਨਿਊਯਾਰਕ ’ਚ ਵਿਸ਼ਵ ਅਥਲੈਟਿਕਸ ਇਨਡੋਰ ਟੂਰ ਗੋਲਡ ਮੀਟਿੰਗ ’ਚ 60 ਮੀਟਰ ਅੜਿੱਕਾ ਦੌੜ ਵਿੱਚ 7.67 ਸਕਿੰਟ ਦਾ ਸਮਾਂ ਲਗਾ ਕੇ ਵਿਸ਼ਵ ਰਿਕਾਰਡ ਬਣਾਇਆ। ਉਨ੍ਹਾਂ ਦਾ ਸਮਾਂ 16 ਸਾਲ ਅਤੇ ਇੱਕ ਦਿਨ ਪਹਿਲਾਂ ਸੁਜ਼ਾਨਾ ਕਲੂਰ ਦੁਆਰਾ ਬਣਾਏ ਪਿਛਲੇ ਵਿਸ਼ਵ ਰਿਕਾਰਡ ਨਾਲੋਂ 0.01 ਸਕਿੰਟ ਘੱਟ ਹੈ।
ਬਹਾਮਿਯਨ ਸਪ੍ਰਿੰਟ ਹਰਡਲਰ ਇੱਕ ਮਹੀਨਾ ਪਹਿਲਾਂ ਆਪਣੀ 2024 ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਸ਼ਾਨਦਾਰ ਫਾਰਮ ਵਿੱਚ ਹਨ। ਉਹ ਪਿਛਲੇ ਹਫਤੇ ਬੋਸਟਨ ਵਿੱਚ ਵਰਲਡ ਇਨਡੋਰ ਟੂਰ ਗੋਲਡ ਮੀਟਿੰਗ ਵਿੱਚ 7.76 ਸਕਿੰਟ ਦੇ ਸਮੇਂ ਨਾਲ ਵਿਸ਼ਵ ਰਿਕਾਰਡ ਦੇ ਨੇੜੇ ਆਈ ਸੀ। ਉਨ੍ਹਾਂ ਨੇ ਐਤਵਾਰ ਨੂੰ ਨਿਊਯਾਰਕ ‘ਚ ਚੰਗੀ ਸ਼ੁਰੂਆਤ ਕੀਤੀ ਅਤੇ ਦੋ ਵਾਰ ਦੀ ਵਿਸ਼ਵ ਇਨਡੋਰ ਚੈਂਪੀਅਨ ਨਿਆ ਅਲੀ ਅਤੇ ਦੋ ਵਾਰ ਦੀ ਵਿਸ਼ਵ ਚੈਂਪੀਅਨ ਡੈਨੀਏਲ ਵਿਲੀਅਮਜ਼ ‘ਤੇ ਸ਼ੁਰੂਆਤੀ ਬੜ੍ਹਤ ਬਣਾ ਲਈ ਸੀ। ਉਨ੍ਹਾਂ ਨੇ ਅੰਤ ਵਿੱਚ 7.67 ਸਕਿੰਟ ਦੇ ਸਮੇਂ ਨਾਲ ਦੌੜ ਪੂਰੀ ਕੀਤੀ। ਵਿਲੀਅਮਸ 7.79 ਸੈਕਿੰਡ ਨਾਲ ਦੂਜੇ ਜਦਕਿ ਟੀਆ ਜੋਨਸ ਤੀਜੇ ਸਥਾਨ ‘ਤੇ ਰਹੀ।
ਰਿਕਾਰਡ ਬਣਾਉਣ ਤੋਂ ਬਾਅਦ 2022 ਵਿੱਚ ਵਿਸ਼ਵ ਇਨਡੋਰ ਚਾਂਦੀ ਦਾ ਤਗਮਾ ਜਿੱਤਣ ਵਾਲੇ ਚਾਰਲਟਨ ਨੇ ਵਿਸ਼ਵ ਅਥਲੈਟਿਕਸ ਦੇ ਹਵਾਲੇ ਨਾਲ ਕਿਹਾ, ‘‘ਮੈਂ ਘੋਸ਼ਣਾਕਰਤਾ ਨੂੰ ਕੁਝ ਅਜਿਹਾ ਕਹਿੰਦੇ ਸੁਣਿਆ ਜੋ ‘ਵਰਲਡ ਰਿਕਾਰਡ’ ਵਰਗਾ ਲੱਗਦਾ ਸੀ, ਪਰ ਜਦੋਂ ਤੱਕ ਮੈਂ ਘੜੀ ‘ਤੇ ਆਪਣਾ ਨਾਮ ਅਤੇ ਸਮਾਂ ਦੇਖਿਆ ਉਦੋਂ ਤੱਕ ਮੈਨੂੰ ਇਸਦਾ ਅਹਿਸਾਸ ਨਹੀਂ ਹੋਇਆ।
ਉਨ੍ਹਾਂ ਨੇ ਅੱਗੇ ਕਿਹਾ, “ਜਦੋਂ ਮੈਂ ਉਹ ਘੜੀ ਵੇਖੀ ਤਾਂ ਮੈਨੂੰ ਰਾਹਤ ਮਹਿਸੂਸ ਹੋਈ। ਜਦੋਂ ਤੁਸੀਂ ਕੋਈ ਟੀਚਾ ਤੈਅ ਕਰਦੇ ਹੋ ਅਤੇ ਸਾਲ ਭਰ ਉਸ ਲਈ ਸਖ਼ਤ ਮਿਹਨਤ ਕਰਦੇ ਹੋ ਅਤੇ ਫਿਰ ਉਸਨੂੰ ਪ੍ਰਾਪਤ ਕਰਦੇ ਹੋ, ਤਾਂ ਇਹ ਤੁਹਾਨੂੰ ਮਹਿਸੂਸ ਕਰਵਾਉਂਦਾ ਹੈ ਕਿ ਤੁਸੀਂ ਦੁਨੀਆ ਦੇ ਸਿਖਰ ‘ਤੇ ਹੋ।’’
