ਵੈਲਿੰਗਟਨ, 01 ਮਾਰਚ । ਕੈਮਰੂਨ ਗ੍ਰੀਨ ਅਤੇ ਜੋਸ਼ ਹੇਜ਼ਲਵੁੱਡ ਵਿਚਾਲੇ ਆਖਰੀ ਵਿਕਟ ਲਈ 116 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਆਸਟ੍ਰੇਲੀਆ ਇੱਥੇ ਬੇਸਿਨ ਰਿਜ਼ਰਵ ‘ਚ ਖੇਡੇ ਜਾ ਰਹੇ ਪਹਿਲੇ ਟੈਸਟ ਦੇ ਦੂਜੇ ਦਿਨ ਮਜ਼ਬੂਤ ਸਥਿਤੀ ’ਚ ਪਹੁੰਚ ਗਿਆ।
ਆਸਟ੍ਰੇਲੀਆ ਦੀ ਪਹਿਲੀ ਪਾਰੀ ਆਖਰਕਾਰ ਦੂਜੇ ਦਿਨ ਲੰਚ ਤੋਂ ਠੀਕ ਪਹਿਲਾਂ ਹੇਜ਼ਲਵੁੱਡ ਦੇ ਆਊਟ ਹੋਣ ਨਾਲ 383 ਦੌੜਾਂ ‘ਤੇ ਸਮਾਪਤ ਹੋ ਗਈ। ਗ੍ਰੀਨ ਅਤੇ ਹੇਜ਼ਲਵੁੱਡ ਵਿਚਾਲੇ 116 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਹੋਈ, ਇਸ ਨਾਲ ਦੋਵਾਂ ਨੇ ਨਿਊਜ਼ੀਲੈਂਡ ਖਿਲਾਫ ਆਖਰੀ ਵਿਕਟ ਲਈ 114 ਦੌੜਾਂ ਦੀ ਪਿਛਲੀ ਸਰਵਉੱਚ ਸਾਂਝੇਦਾਰੀ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਤੋਂ ਪਹਿਲਾਂ 2004 ‘ਚ ਗਲੇਨ ਮੈਕਗ੍ਰਾ ਅਤੇ ਜੇਸਨ ਗਿਲੇਸਪੀ ਨੇ ਗਾਬਾ ‘ਤੇ ਆਖਰੀ ਵਿਕਟ ਲਈ 114 ਦੌੜਾਂ ਜੋੜੀਆਂ ਸਨ। ਗ੍ਰੀਨ 174 ਦੌੜਾਂ ਬਣਾ ਕੇ ਅਜੇਤੂ ਰਹੇ, ਜਦਕਿ ਹੇਜ਼ਲਵੁੱਡ ਨੇ 22 ਦੌੜਾਂ ਬਣਾਈਆਂ।
ਪਿਛਲੀ ਵਾਰ ਆਸਟ੍ਰੇ੍ਲੀਆ ਨੇ ਪਾਰੀ ਵਿੱਚ 10ਵੀਂ ਵਿਕਟ ਲਈ ਅਜਿਹੀ ਸਾਂਝੇਦਾਰੀ 2015 ਵਿੱਚ ਵੈਸਟਇੰਡੀਜ਼ ਖ਼ਿਲਾਫ਼ ਕੀਤੀ ਸੀ ਜਦੋਂ ਐਡਮ ਵੋਗਸ ਅਤੇ ਹੇਜ਼ਲਵੁੱਡ ਨੇ ਰੋਜ਼ੇਉ ਵਿੱਚ 97 ਦੌੜਾਂ ਜੋੜੀਆਂ ਸਨ। ਮੈਚ ’ਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਟੀਮ ਸਟੀਵ ਸਮਿਥ ਅਤੇ ਉਸਮਾਨ ਖਵਾਜਾ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਪਹਿਲੀ ਵਿਕਟ ਲਈ 61 ਦੌੜਾਂ ਜੋੜੀਆਂ। ਮੈਟ ਹੈਨਰੀ ਨੇ ਸਮਿਥ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ। ਸਮਿਥ ਨੇ 31 ਦੌੜਾਂ ਬਣਾਈਆਂ। ਇਸ ਤੋਂ ਬਾਅਦ ਆਸਟ੍ਰੇਲੀਆ ਨੇ 89 ਦੌੜਾਂ ਦੇ ਸਕੋਰ ਤੱਕ ਮਾਰਨਸ ਲੈਬੁਸ਼ਗਨ (01), ਉਸਮਾਨ ਖਵਾਜਾ (33), ਅਤੇ ਟਰੈਵਿਸ ਹੈੱਡ (01) ਦੀਆਂ ਵਿਕਟਾਂ ਗੁਆ ਦਿੱਤੀਆਂ।
ਇੱਥੋਂ ਮਿਸ਼ੇਲ ਮਾਰਸ਼ ਅਤੇ ਗ੍ਰੀਨ ਨੇ ਪੰਜਵੀਂ ਵਿਕਟ ਲਈ 67 ਦੌੜਾਂ ਜੋੜੀਆਂ ਅਤੇ ਆਸਟ੍ਰੇ੍ਲੀਆ ਨੇ 150 ਦੌੜਾਂ ਦਾ ਸਕੋਰ ਪਾਰ ਕਰ ਲਿਆ। 156 ਦੇ ਕੁੱਲ ਸਕੋਰ ‘ਤੇ ਮਾਰਸ਼ 40 ਦੌੜਾਂ ਬਣਾ ਕੇ ਮੈਟ ਹੈਨਰੀ ਦਾ ਸ਼ਿਕਾਰ ਬਣੇ। ਕੁੱਲ ਸਕੋਰ 176 ’ਤੇ ਐਲੇਕਸ ਕੈਰੀ 10 ਦੌੜਾਂ ਬਣਾ ਕੇ ਸਕਾਟ ਕੁਗਲੇਜਿਨ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਗ੍ਰੀਨ ਨੇ ਪਹਿਲਾਂ ਮਿਸ਼ੇਲ ਸਟਾਰਕ (09) ਅਤੇ ਫਿਰ ਕਪਤਾਨ ਪੈਟ ਕਮਿੰਸ (16) ਨਾਲ ਛੋਟੀਆਂ ਸਾਂਝੇਦਾਰੀਆਂ ਕੀਤੀਆਂ ਅਤੇ ਟੀਮ ਦੇ ਸਕੋਰ ਨੂੰ 248 ਤੱਕ ਪਹੁੰਚਾਇਆ। 267 ਦੇ ਸਕੋਰ ‘ਤੇ ਨਾਥਨ ਲਿਓਨ (05) ਦੇ ਆਊਟ ਹੋਣ ਤੋਂ ਬਾਅਦ ਗ੍ਰੀਨ ਅਤੇ ਹੇਜ਼ਲਵੁੱਡ ਨੇ ਆਖਰੀ ਵਿਕਟ ਲਈ ਰਿਕਾਰਡ 116 ਦੌੜਾਂ ਜੋੜ ਕੇ ਆਸਟ੍ਰੇਲੀਆ ਦੇ ਸਕੋਰ ਨੂੰ 383 ਦੌੜਾਂ ਤੱਕ ਪਹੁੰਚਾਇਆ। ਮੈਟ ਹੈਨਰੀ ਨੇ ਹੇਜ਼ਲਵੁੱਡ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਖਤਮ ਕੀਤਾ। ਹੇਜ਼ਲਵੁੱਡ ਨੇ 22 ਦੌੜਾਂ ਬਣਾਈਆਂ ਜਦਕਿ ਗ੍ਰੀਨ 174 ਦੌੜਾਂ ਬਣਾ ਕੇ ਅਜੇਤੂ ਰਹੇ।
ਨਿਊਜ਼ੀਲੈਂਡ ਲਈ ਮੈਟ ਹੈਨਰੀ ਨੇ 5 ਵਿਕਟਾਂ, ਸਕਾਟ ਕੁਗਲੀਜਨ ਅਤੇ ਵਿਲੀਅਮ ਓ’ਰੂਰਕੇ ਨੇ 2-2 ਵਿਕਟਾਂ ਅਤੇ ਰਚਿਨ ਰਵਿੰਦਰ ਨੇ 1 ਵਿਕਟ ਲਈ। ਖ਼ਬਰ ਲਿਖੇ ਜਾਣ ਤੱਕ ਨਿਊਜ਼ੀਲੈਂਡ ਨੇ ਆਪਣੀ ਪਹਿਲੀ ਪਾਰੀ ‘ਚ ਸਿਰਫ਼ 117 ਦੌੜਾਂ ‘ਤੇ 7 ਵਿਕਟਾਂ ਗੁਆ ਲਈਆਂ ਹਨ।
