ਰਾਂਚੀ, । ਭਾਰਤ ਅਤੇ ਇੰਗਲੈਂਡ ਵਿਚਾਲੇ ਰਾਂਚੀ ‘ਚ ਖੇਡੇ ਗਏ ਟੈਸਟ ਸੀਰੀਜ਼ ਦੇ ਚੌਥੇ ਮੈਚ ‘ਚ ਭਾਰਤ ਨੇ ਪੰਜ ਵਿਕਟਾਂ ਨਾਲ ਜਿੱਤ ਦਰਜ ਕੀਤੀ ਹੈ। ਇਸ ਮੈਚ ‘ਚ ਜਿੱਤ ਦੇ ਨਾਲ ਹੀ ਭਾਰਤ ਨੇ ਪੰਜ ਮੈਚਾਂ ਦੀ ਸੀਰੀਜ਼ ‘ਚ 3-1 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ। ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਟੈਸਟ 7 ਮਾਰਚ ਤੋਂ ਧਰਮਸ਼ਾਲਾ ‘ਚ ਖੇਡਿਆ ਜਾਵੇਗਾ।
ਹਾਲਾਂਕਿ ਭਾਰਤ ਨੂੰ ਜਿੱਤ ਲਈ ਸਖ਼ਤ ਸੰਘਰਸ਼ ਕਰਨਾ ਪਿਆ। ਭਾਰਤੀ ਬੱਲੇਬਾਜ਼ ਇੰਗਲਿਸ਼ ਸਪਿਨਰਾਂ ਦੇ ਖਿਲਾਫ ਸੰਘਰਸ਼ ਨਜ਼ਰ ਆਏ, ਪਰ ਆਖਿਰਕਾਰ ਸ਼ੁਭਮਨ ਗਿੱਲ ਅਤੇ ਧਰੁਵ ਜੁਰੇਲ ਦੀ ਜੋੜੀ ਨੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਭਾਰਤੀ ਟੀਮ ਨੂੰ ਜਿੱਤ ਲਈ 192 ਦੌੜਾਂ ਦਾ ਟੀਚਾ ਮਿਲਿਆ ਸੀ। ਭਾਰਤ ਨੇ 5 ਵਿਕਟਾਂ ‘ਤੇ 192 ਦੌੜਾਂ ਬਣਾ ਕੇ ਅੰਗਰੇਜ਼ਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ।
ਇਸ ਤੋਂ ਪਹਿਲਾਂ ਦੂਜੀ ਪਾਰੀ ’ਚ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਯਸ਼ਸਵੀ ਜੈਸਵਾਲ ਨੇ ਪਹਿਲੀ ਵਿਕਟ ਲਈ 84 ਦੌੜਾਂ ਦੀ ਸਾਂਝੇਦਾਰੀ ਕੀਤੀ। ਰੋਹਿਤ ਸ਼ਰਮਾ ਨੇ 55 ਦੌੜਾਂ ਦੀ ਪਾਰੀ ਖੇਡੀ, ਜਦਕਿ ਯਸ਼ਸਵੀ ਜੈਸਵਾਲ ਨੇ 37 ਦੌੜਾਂ ਬਣਾਈਆਂ। ਪਰ ਇਸ ਤੋਂ ਬਾਅਦ ਭਾਰਤ ਦੇ ਮੱਧਕ੍ਰਮ ਦੇ ਬੱਲੇਬਾਜ਼ ਤੇਜ਼ੀ ਨਾਲ ਪੈਵੇਲੀਅਨ ਵੱਲ ਮੁੜ ਗਏ। ਟੀਮ ਇੰਡੀਆ ਇਕ ਸਮੇਂ 120 ਦੌੜਾਂ ‘ਤੇ ਪੰਜ ਵਿਕਟਾਂ ਗੁਆਉਣ ਤੋਂ ਬਾਅਦ ਮੁਸ਼ਕਲਾਂ ਵਿਚ ਘਿਰਦੀ ਨਜ਼ਰ ਆ ਰਹੀ ਸੀ ਪਰ ਧਰੁਵ ਜੁਰੇਲ ਅਤੇ ਸ਼ੁਭਮਨ ਗਿੱਲ ਨੇ ਛੇਵੀਂ ਵਿਕਟ ਲਈ 72 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ ਟੀਮ ਨੂੰ ਯਾਦਗਾਰ ਜਿੱਤ ਦਿਵਾਈ। ਇਸ ਦੌਰਾਨ ਗਿੱਲ ਨੇ 52 ਦੌੜਾਂ ਬਣਾਈਆਂ ਜਦਕਿ ਜੁਰੇਲ ਨੇ 39 ਦੌੜਾਂ ਬਣਾਈਆਂ।
ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਵਿੱਚ 353 ਦੌੜਾਂ ਬਣਾਈਆਂ ਸਨ। ਜਵਾਬ ‘ਚ ਭਾਰਤ ਦੀ ਪਹਿਲੀ ਪਾਰੀ 307 ਦੌੜਾਂ ‘ਤੇ ਸਮਾਪਤ ਹੋ ਗਈ। ਭਾਰਤ ਲਈ ਧਰੁਵ ਜੁਰੇਲ ਨੇ ਪਹਿਲੀ ਪਾਰੀ ਵਿੱਚ 90 ਦੌੜਾਂ ਦੀ ਅਹਿਮ ਪਾਰੀ ਖੇਡੀ। ਇਸ ਤੋਂ ਬਾਅਦ ਇੰਗਲੈਂਡ ਦੀ ਟੀਮ ਦੂਜੀ ਪਾਰੀ ‘ਚ ਸਿਰਫ 145 ਦੌੜਾਂ ‘ਤੇ ਹੀ ਸਿਮਟ ਗਈ, ਜਿਸ ’ਚ ਅਸ਼ਵਿਨ ਨੇ ਸਭ ਤੋਂ ਵੱਧ 5 ਵਿਕਟਾਂ ਲਈਆਂ, ਜਿਸ ਕਾਰਨ ਟੀਮ ਇੰਡੀਆ ਨੂੰ 192 ਦੌੜਾਂ ਦਾ ਟੀਚਾ ਮਿਲਿਆ ਸੀ।
