ਚੇਨਈ, 09 ਅਪ੍ਰੈਲ । ਇੰਗਲੈਂਡ ਦੇ ਸਟਾਰ ਖਿਡਾਰੀ ਫਿਲ ਸਾਲਟ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਇਤਿਹਾਸ ‘ਚ ਮੈਚ ਦੀ ਪਹਿਲੀ ਗੇਂਦ ‘ਤੇ ਆਊਟ ਹੋਣ ਵਾਲੇ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਦੇ ਪੰਜਵੇਂ ਬੱਲੇਬਾਜ਼ ਬਣ ਗਏ ਹਨ। ਚੇਨਈ ਸੁਪਰ ਕਿੰਗਜ਼ ਖਿਲਾਫ ਸੋਮਵਾਰ ਨੂੰ ਇੱਥੇ ਐੱਮਏ ਚਿਦੰਬਰਮ ਸਟੇਡੀਅਮ ‘ਚ ਸਾਲਟ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਤੁਸ਼ਾਰ ਦੇਸ਼ਪਾਂਡੇ ਦੀ ਪਹਿਲੀ ਗੇਂਦ ‘ਤੇ ਆਊਟ ਹੋ ਗਏ।
ਪਾਰੀ ਦੀ ਪਹਿਲੀ ਗੇਂਦ ‘ਤੇ ਆਊਟ ਹੋਣ ਵਾਲੇ ਬਾਕੀ ਚਾਰ ਬੱਲੇਬਾਜ਼ ਬਰੈਂਡਨ ਮੈਕੁਲਮ (2009, ਬਨਾਮ ਰਾਇਲ ਚੈਲੰਜਰਜ਼ ਬੈਂਗਲੁਰੂ), ਮਨੋਜ ਤਿਵਾੜੀ (2010, ਬਨਾਮ ਡੇਕਨ ਚਾਰਜਰਜ਼), ਜੈਕ ਕੈਲਿਸ (2014, ਬਨਾਮ ਦਿੱਲੀ ਕੈਪੀਟਲਜ਼) ਅਤੇ ਜੋਏ ਡੇਨਲੀ (2019 , ਬਨਾਮ ਦਿੱਲੀ ਕੈਪੀਟਲਜ਼) ਹਨ।
ਮੈਚ ਦੀ ਗੱਲ ਕਰੀਏ ਤਾਂ ਤੁਸ਼ਾਰ ਦੇਸ਼ਪਾਂਡੇ (4 ਓਵਰ, 33 ਦੌੜਾਂ, 3 ਵਿਕਟਾਂ), ਮੁਸਤਫਿਜ਼ੁਰ ਰਹਿਮਾਨ (4 ਓਵਰ, 22 ਦੌੜਾਂ, 2 ਵਿਕਟਾਂ) ਅਤੇ ਰਵਿੰਦਰ ਜਡੇਜਾ (4 ਓਵਰ, 18 ਦੌੜਾਂ, 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਪਹਿਲਾਂ ਕੇਕੇਆਰ ਨੂੰ 20 ਓਵਰ 9 ਵਿਕਟਾਂ ‘ਤੇ 137 ਦੌੜਾਂ ਦੇ ਸਕੋਰ ‘ਤੇ ਰੋਕ ਦਿੱਤਾ। ਇਸ ਤੋਂ ਬਾਅਦ ਰੁਤੁਰਾਜ ਗਾਇਕਵਾੜ (58 ਗੇਂਦਾਂ, 67 ਨਾਬਾਦ, 9 ਚੌਕੇ) ਅਤੇ ਸ਼ਿਵਮ ਦੂਬੇ (18 ਗੇਂਦਾਂ, 28 ਦੌੜਾਂ, 1 ਚੌਕਾ, 3 ਛੱਕੇ) ਦੀ ਸ਼ਾਨਦਾਰ ਪਾਰੀ ਦੀ ਬਦੌਲਤ ਸੀਐਸਕੇ ਨੇ ਕੇਕੇਆਰ ਖਿਲਾਫ਼ 7 ਵਿਕਟਾਂ ਨਾਲ ਜਿੱਤ ਦਰਜ ਕੀਤੀ।
ਇਸ ਜਿੱਤ ਨਾਲ ਘਰੇਲੂ ਮੈਦਾਨ ‘ਤੇ ਸੀਐਸਕੇ ਦੀ ਜਿੱਤ ਦਾ ਸਿਲਸਿਲਾ ਜਾਰੀ ਹੈ, ਉਥੇ ਹੀ ਇਸ ਟੂਰਨਾਮੈਂਟ ‘ਚ ਕੇਕੇਆਰ ਦੀ ਅਜੇਤੂ ਰਹੀ ਸਟ੍ਰੀਕ ਵੀ ਟੁੱਟ ਗਈ। ਹਰਫਨਮੌਲਾ ਰਵਿੰਦਰ ਜਡੇਜਾ ਨੂੰ ਸ਼ਾਨਦਾਰ ਗੇਂਦਬਾਜ਼ੀ ਦੇ ਪ੍ਰਦਰਸ਼ਨ ਲਈ ‘ਪਲੇਅਰ ਆਫ ਦਾ ਮੈਚ’ ਦਾ ਪੁਰਸਕਾਰ ਦਿੱਤਾ ਗਿਆ।
