ਨਵੀਂ ਦਿੱਲੀ। ਲਖਨਊ ਸੁਪਰ ਜਾਇੰਟਸ ਦੇ ਮਾਲਕ ਸੰਜੀਵ ਗੋਇਨਕਾ ਦਾ ਟੀਮ ਦੇ ਕਪਤਾਨ ਕੇਐਲ ਰਾਹੁਲ ਨਾਲ ਇੱਕ ਵੀਡੀਓ ਇਸ ਸਮੇਂ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਇਹ ਵੀਡੀਓ ਸਨਰਾਈਜ਼ਰਸ ਹੈਦਰਾਬਾਦ ਬਨਾਮ ਲਖਨਊ ਸੁਪਰ ਜਾਇੰਟਸ IPL 2024 ਦੇ 57ਵੇਂ ਮੈਚ ਤੋਂ ਬਾਅਦ ਦਾ ਹੈ। ਇਸ ਮੈਚ ਵਿੱਚ ਲਖਨਊ ਨੂੰ ਹੈਦਰਾਬਾਦ ਹੱਥੋਂ 10 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਵੀਡੀਓ ਵਿੱਚ ਐਲਐਸਜੀ ਦੇ ਮਾਲਕ ਮੈਚ ਤੋਂ ਬਾਅਦ ਕਪਤਾਨ ਕੇਐਲ ਰਾਹੁਲ ਨੂੰ ਝਿੜਕਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪ੍ਰਸ਼ੰਸਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਪ੍ਰਸ਼ੰਸਕ ਇਸ ਨੂੰ ਤਰਸਯੋਗ ਦੱਸ ਰਹੇ ਹਨ, ਜਦਕਿ ਕੁਝ ਨੇ ਟੀਮ ਮਾਲਕਾਂ ਨੂੰ ਕਪਤਾਨ ਨਾਲ ਅਜਿਹਾ ਵਿਵਹਾਰ ਨਾ ਕਰਨ ਦੀ ਸਲਾਹ ਦਿੱਤੀ ਹੈ। ਕੁਝ ਪ੍ਰਸ਼ੰਸਕਾਂ ਨੇ ਕੋਲਕਾਤਾ ਨਾਈਟ ਰਾਈਡਰਜ਼ ਦੇ ਮਾਲਕ ਸ਼ਾਹਰੁਖ ਖਾਨ ਨੂੰ ਯਾਦ ਕੀਤਾ ਜੋ ਹਮੇਸ਼ਾ ਟੀਮ ਦਾ ਮਨੋਬਲ ਵਧਾਉਂਦੇ ਹੋਏ ਦੇਖਿਆ ਜਾਂਦਾ ਹੈ।
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕੇਐੱਲ ਰਾਹੁਲ ਇਸ ਹਾਰ ਨਾਲ ਕਿੰਨੇ ਨਿਰਾਸ਼ ਹਨ। ਇਸ ਸ਼ਰਮਨਾਕ ਹਾਰ ਦੇ ਬਾਵਜੂਦ ਉਹ ਟੀਮ ਦੇ ਮਾਲਕ ਨਾਲ ਸ਼ਾਂਤੀ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ, ਜਦਕਿ ਸੰਜੀਵ ਗੋਇਨਕਾ ਭੜਕਦੇ ਨਜ਼ਰ ਆ ਰਹੇ ਹਨ। ਉਹ ਲਗਾਤਾਰ ਕੇਐਲ ਰਾਹੁਲ ਦੀ ਆਲੋਚਨਾ ਕਰ ਰਹੇ ਹਨ।
ਕਿਵੇਂ ਰਿਹਾ ਹੈਦਰਾਬਾਦ ਬਨਾਮ ਲਖਨਊ ਮੈਚ?
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਲਖਨਊ ਸੁਪਰ ਜਾਇੰਟਸ ਦੀ ਟੀਮ ਨੇ ਨਿਰਧਾਰਤ 20 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 165 ਦੌੜਾਂ ਬਣਾਈਆਂ। ਇੱਕ ਸਮਾਂ ਸੀ ਜਦੋਂ ਟੀਮ ਨੇ 66 ਦੌੜਾਂ ‘ਤੇ 4 ਵਿਕਟਾਂ ਗੁਆ ਦਿੱਤੀਆਂ ਸਨ। ਫਿਰ ਨਿਕੋਲਸ ਪੂਰਨ ਨੇ ਆਯੁਸ਼ ਬਡੋਨੀ ਦੇ ਨਾਲ ਮਿਲ ਕੇ 99 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ ਇਸ ਸਕੋਰ ਤੱਕ ਪਹੁੰਚਾਇਆ। ਕੇਐੱਲ ਰਾਹੁਲ ਨੇ ਇਸ ਮੈਚ ‘ਚ 33 ਗੇਂਦਾਂ ‘ਚ 29 ਦੌੜਾਂ ਦੀ ਪਾਰੀ ਖੇਡੀ, ਜਿਸ ਕਾਰਨ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ।
ਅਭਿਸ਼ੇਕ ਨੇ 75 ਦੌੜਾਂ ਦੀ ਅਜੇਤੂ ਪਾਰੀ ਖੇਡੀ
ਸਨਰਾਈਜ਼ਰਸ ਹੈਦਰਾਬਾਦ ਦੇ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਅਤੇ ਅਭਿਸ਼ੇਕ ਸ਼ਰਮਾ ਨੇ 9.4 ਓਵਰਾਂ ਵਿੱਚ ਇਸ ਸਕੋਰ ਦਾ ਪਿੱਛਾ ਕਰਕੇ ਇਤਿਹਾਸ ਰਚ ਦਿੱਤਾ। ਇਹ ਸਿਰਫ ਆਈਪੀਐਲ ਵਿੱਚ ਹੀ ਨਹੀਂ ਬਲਕਿ ਟੀ-20 ਕ੍ਰਿਕਟ ਦੇ ਇਤਿਹਾਸ ਵਿੱਚ 10 ਓਵਰਾਂ ਵਿੱਚ ਦੌੜਾਂ ਦਾ ਸਭ ਤੋਂ ਵੱਡਾ ਪਿੱਛਾ ਹੈ। ਇਸ ਦੌਰਾਨ ਹੈੱਡ ਨੇ 89 ਦੌੜਾਂ ਬਣਾਈਆਂ ਜਦਕਿ ਅਭਿਸ਼ੇਕ ਨੇ 75 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਦੌਰਾਨ ਦੋਵਾਂ ਦਾ ਸਟ੍ਰਾਈਕ ਰੇਟ 250 ਤੋਂ ਵੱਧ ਰਿਹਾ।
