ਨਵੀਂ ਦਿੱਲੀ, 14 ਅਕਤੂਬਰ। ਆਈਸੀਸੀ ਵਿਸ਼ਵ ਕੱਪ 2023 ਦੇ 12ਵੇਂ ਮੈਚ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਸ਼ਨੀਵਾਰ (14 ਅਕਤੂਬਰ) ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਦੋ ਵਾਰ ਦਾ ਚੈਂਪੀਅਨ ਭਾਰਤ ਵਨਡੇ ਰੈਂਕਿੰਗ ‘ਚ ਸਿਖਰ ‘ਤੇ ਹੈ ਜਦਕਿ ਇਕ ਵਾਰ ਵਿਸ਼ਵ ਕੱਪ ਜਿੱਤਣ ਵਾਲਾ ਪਾਕਿਸਤਾਨ ਵਨਡੇ ਰੈਂਕਿੰਗ ‘ਚ ਦੂਜੇ ਸਥਾਨ ‘ਤੇ ਹੈ। ਇਨ੍ਹਾਂ ਦੋਵਾਂ ਪੁਰਾਤਨ ਵਿਰੋਧੀਆਂ ਵਿਚਕਾਰ ਸਖ਼ਤ ਟੱਕਰ ਹੋਣ ਦੀ ਪੂਰੀ ਸੰਭਾਵਨਾ ਹੈ।
ਟੀਮ ਇੰਡੀਆ ਦੀ ਕਮਾਨ ਰੋਹਿਤ ਸ਼ਰਮਾ ਦੇ ਹੱਥਾਂ ‘ਚ ਹੈ ਜਦਕਿ ਪਾਕਿਸਤਾਨ ਦੀ ਕਪਤਾਨੀ ਬਾਬਰ ਆਜ਼ਮ ਕਰ ਰਹੇ ਹਨ। ਭਾਰਤ ਨੇ ਵਿਸ਼ਵ ਕੱਪ 2023 ਦੇ ਆਪਣੇ ਪਹਿਲੇ ਮੈਚ ਵਿੱਚ ਆਸਟ੍ਰੇਲੀਆ ਅਤੇ ਦੂਜੇ ਮੈਚ ’ਚ ਅਫਗਾਨਿਸਤਾਨ ਨੂੰ ਹਰਾਇਆ ਹੈ, ਉੱਥੇ ਪਾਕਿਸਤਾਨ ਨੇ ਆਪਣੇ ਪਹਿਲੇ ਦੋ ਮੈਚਾਂ ਵਿੱਚ ਨੀਦਰਲੈਂਡ ਅਤੇ ਸ੍ਰੀਲੰਕਾ ਨੂੰ ਹਰਾਇਆ ਹੈ।
ਉੱਥੇ ਹੀ ਇਸ ਸ਼ਾਨਦਾਰ ਮੈਚ ਤੋਂ ਪਹਿਲਾਂ ਟੀਮ ਇੰਡੀਆ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਇਹ ਹੈ ਕਿ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਪੂਰੀ ਤਰ੍ਹਾਂ ਫਿੱਟ ਹਨ। ਕਪਤਾਨ ਰੋਹਿਤ ਸ਼ਰਮਾ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਅਜਿਹੇ ‘ਚ ਪੂਰੀ ਉਮੀਦ ਹੈ ਕਿ ਗਿੱਲ ਪਾਕਿਸਤਾਨ ਖਿਲਾਫ ਵਿਸ਼ਵ ਕੱਪ ‘ਚ ਡੈਬਿਊ ਕਰਨਗੇ। ਇਸ ਤੋਂ ਇਲਾਵਾ ਅਹਿਮਦਾਬਾਦ ‘ਚ ਉਨ੍ਹਾਂ ਦਾ ਹੁਣ ਤੱਕ ਦਾ ਰਿਕਾਰਡ ਬਹੁਤ ਸ਼ਾਨਦਾਰ ਰਿਹਾ ਹੈ। ਉਨ੍ਹਾਂ ਦਾ ਹਾਲੀਆ ਫਾਰਮ ਵੀ ਜ਼ਬਰਦਸਤ ਰਿਹਾ ਹੈ। ਅਜਿਹੇ ‘ਚ ਟੀਮ ‘ਚ ਉਨ੍ਹਾਂ ਦੇ ਆਉਣ ਨਾਲ ਬੱਲੇਬਾਜ਼ੀ ਕ੍ਰਮ ਮਜ਼ਬੂਤ ਹੋ ਜਾਵੇਗਾ।
ਭਾਰਤੀ ਟੀਮ : ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪੰਡਯਾ (ਉਪ ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਰਵੀਚੰਦਰਨ ਅਸ਼ਵਿਨ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ ਸ਼ਾਮਲ ਹਨ।
ਪਾਕਿਸਤਾਨ ਟੀਮ: ਬਾਬਰ ਆਜ਼ਮ (ਕਪਤਾਨ), ਸ਼ਾਦਾਬ ਖਾਨ, ਫਖਰ ਜ਼ਮਾਨ, ਇਮਾਮ-ਉਲ-ਹੱਕ, ਅਬਦੁੱਲਾ ਸ਼ਫੀਕ, ਮੁਹੰਮਦ ਰਿਜ਼ਵਾਨ, ਸੌਦ ਸ਼ਕੀਲ, ਇਫਤਿਖਾਰ ਅਹਿਮਦ, ਸਲਮਾਨ ਅਲੀ ਆਗਾ, ਮੁਹੰਮਦ ਨਵਾਜ਼, ਉਸਾਮਾ ਮੀਰ, ਹਰਿਸ ਰਾਊਫ, ਹਸਨ ਅਲੀ, ਸ਼ਾਹੀਨ ਅਫਰੀਦੀ, ਮੁਹੰਮਦ ਵਸੀਮ ਸ਼ਾਮਲ ਹਨ।
