ਨਵੀਂ ਦਿੱਲੀ, 16 ਅਪ੍ਰੈਲ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੇ ਬੱਲੇਬਾਜ਼ ਗਲੇਨ ਮੈਕਸਵੈੱਲ ਨੇ ਆਪਣੇ ਆਪ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤਰੋਤਾਜ਼ਾ ਕਰਨ ਲਈ ਆਈਪੀਐਲ ਤੋਂ ਬ੍ਰੇਕ ਲੈਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਮੈਚ ਲਈ ਪ੍ਰਬੰਧਕਾਂ ਨੂੰ ਉਨ੍ਹਾਂ ਦੀ ਥਾਂ ਕਿਸੇ ਹੋਰ ਨੂੰ ਚੁਣਨ ਦੀ ਬੇਨਤੀ ਕੀਤੀ ਸੀ।
ਮੈਕਸਵੈੱਲ ਆਈਪੀਐਲ 2024 ਵਿੱਚ ਦੌੜਾਂ ਲਈ ਸੰਘਰਸ਼ ਕਰ ਰਹੇ ਹਨ। ਸੋਮਵਾਰ ਦੇ ਮੈਚ ਤੋਂ ਪਹਿਲਾਂ ਉਨ੍ਹਾਂ ਨੇ ਛੇ ਪਾਰੀਆਂ ਵਿੱਚ 5.33 ਦੀ ਔਸਤ ਨਾਲ ਸਿਰਫ਼ 32 ਦੌੜਾਂ ਬਣਾਈਆਂ ਸਨ। ਕਿਆਸ ਲਗਾਏ ਜਾ ਰਹੇ ਸਨ ਕਿ ਉਹ ਅੰਗੂਠੇ ਦੀ ਸੱਟ ਕਾਰਨ ਬਾਹਰ ਬੈਠੇ ਹੋਣਗੇ ਪਰ ਅਜਿਹਾ ਨਹੀਂ ਹੋਇਆ ਸੀ।
ਮੈਕਸਵੈੱਲ ਆਈਪੀਐਲ 2024 ਵਿੱਚ ਆਉਂਦੇ ਹੀ ਸ਼ਾਨਦਾਰ ਫਾਰਮ ਵਿੱਚ ਸਨ। ਨਵੰਬਰ ਦੀ ਸ਼ੁਰੂਆਤ ਤੋਂ 17 ਟੀ-20 ਵਿੱਚ, ਉਨ੍ਹਾਂ ਨੇ 42.46 ਦੀ ਔਸਤ ਅਤੇ 185.85 ਦੀ ਸਟ੍ਰਾਈਕ ਰੇਟ ਨਾਲ 552 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ ਦੋ ਸੈਂਕੜੇ ਵੀ ਲਗਾਏ। ਪਰ ਉਨ੍ਹਾਂ ਨੇ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਪਹਿਲੀ ਗੇਂਦ ‘ਤੇ ਜ਼ੀਰੋ ’ਤੇ ਆਊਟ ਹੋ ਕੇ ਆਈ.ਪੀ.ਐੱਲ. ਦੀ ਸ਼ੁਰੂਆਤ ਕੀਤੀ। ਉਦੋਂ ਤੋਂ, ਉਹ ਦੋ ਵਾਰ ਜ਼ੀਰੋ ‘ਤੇ ਆਊਟ ਹੋਏ ਹਨ ਅਤੇ ਸਿਰਫ਼ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਹੀ ਸਿਰਫ ਇੱਕ ਵਾਰ ਪੰਜ ਗੇਂਦਾਂ ਤੋਂ ਵੱਧ ਟਿਕੇ ਹਨ, ਜਦੋਂ ਉਨ੍ਹਾਂ ਨੇ ਦੋ ਡਰਾਪ ਕੈਚਾਂ ਦੀ ਮਦਦ ਨਾਲ 19 ਗੇਂਦਾਂ ਵਿੱਚ 28 ਦੌੜਾਂ ਬਣਾਈਆਂ ਸਨ।
