ਹਾਂਗਜ਼ੂ, 06 ਅਕਤੂਬਰ। ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਤਿਲਕ ਵਰਮਾ (ਅਜੇਤੂ 55) ਦੇ ਅਰਧ ਸੈਂਕੜੇ ਅਤੇ ਕਪਤਾਨ ਰੁਤੁਰਾਜ ਗਾਇਕਵਾੜ (ਅਜੇਤੂ 40) ਦੀ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤ ਨੇ ਸ਼ੁੱਕਰਵਾਰ ਨੂੰ ਬੰਗਲਾਦੇਸ਼ ਨੂੰ 9 ਵਿਕਟਾਂ ਨਾਲ ਹਰਾ ਕੇ ਏਸ਼ੀਆਈ ਖੇਡਾਂ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੇ 20 ਓਵਰਾਂ ‘ਚ 96 ਦੌੜਾਂ ਬਣਾਈਆਂ, ਜਵਾਬ ‘ਚ ਭਾਰਤ ਨੇ ਸਿਰਫ 9.2 ਓਵਰਾਂ ‘ਚ 1 ਵਿਕਟ ‘ਤੇ 97 ਦੌੜਾਂ ਬਣਾ ਕੇ 9 ਵਿਕਟਾਂ ਨਾਲ ਜਿੱਤ ਦਰਜ ਕੀਤੀ।
97 ਦੌੜਾਂ ਦੇ ਛੋਟੇ ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਯਸ਼ਸਵੀ ਜੈਸਵਾਲ ਪਹਿਲੀ ਹੀ ਗੇਂਦ ‘ਤੇ ਖਾਤਾ ਖੋਲ੍ਹੇ ਬਿਨਾਂ ਹੀ ਆਊਟ ਹੋ ਗਏ। ਇਸ ਤੋਂ ਬਾਅਦ ਤਿਲਕ ਵਰਮਾ ਅਤੇ ਗਾਇਕਵਾੜ ਨੇ ਹੋਰ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਅਤੇ ਭਾਰਤੀ ਟੀਮ ਨੂੰ ਨੌਂ ਵਿਕਟਾਂ ਨਾਲ ਜਿੱਤ ਦਿਵਾਈ। ਤਿਲਕ 55 ਗੇਂਦਾਂ ‘ਤੇ 2 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ ਨਾਬਾਦ ਰਹੇ ਅਤੇ ਗਾਇਕਵਾੜ ਇੰਨੀਆਂ ਹੀ ਗੇਂਦਾਂ ‘ਤੇ 4 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 20 ਦੌੜਾਂ ਬਣਾ ਕੇ ਨਾਬਾਦ ਰਹੇ।
ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 9 ਵਿਕਟਾਂ ‘ਤੇ 96 ਦੌੜਾਂ ਬਣਾਈਆਂ। ਇਸ ਮੈਚ ‘ਚ ਭਾਰਤੀ ਕਪਤਾਨ ਰੁਤੁਰਾਜ ਗਾਇਕਵਾੜ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੰਗਲਾਦੇਸ਼ ਦੀ ਸ਼ੁਰੂਆਤ ਖਰਾਬ ਰਹੀ ਅਤੇ ਲਗਾਤਾਰ ਵਿਕਟਾਂ ਡਿੱਗਦੀਆਂ ਰਹੀਆਂ ਅਤੇ ਬੰਗਲਾਦੇਸ਼ ਦੀ ਟੀਮ 20 ਓਵਰਾਂ ‘ਚ 9 ਵਿਕਟਾਂ ‘ਤੇ 96 ਦੌੜਾਂ ਹੀ ਬਣਾ ਸਕੀ। ਬੰਗਲਾਦੇਸ਼ ਲਈ ਪਰਵੇਜ਼ ਹੁਸੈਨ ਇਮਾਨ ਨੇ 23 ਦੌੜਾਂ ਅਤੇ ਜ਼ਕਰ ਅਲੀ ਨੇ ਨਾਬਾਦ 24 ਦੌੜਾਂ ਬਣਾਈਆਂ ਜਦਕਿ ਰਕੀਬੁਲ ਹਸਨ ਨੇ 14 ਦੌੜਾਂ ਬਣਾਈਆਂ। ਭਾਰਤ ਲਈ ਸਾਈ ਕਿਸ਼ੋਰ ਨੇ 3, ਵਾਸ਼ਿੰਗਟਨ ਸੁੰਦਰ ਨੇ 2, ਅਰਸ਼ਦੀਪ ਸਿੰਘ, ਤਿਲਕ ਵਰਮਾ, ਰਵੀ ਬਿਸ਼ਨੋਈ, ਸ਼ਾਹਬਾਜ਼ ਅਹਿਮਦ ਨੇ 1-1 ਵਿਕਟ ਲਈ।
ਭਾਰਤੀ ਟੀਮ ਸ਼ਨੀਵਾਰ ਨੂੰ ਸੋਨ ਤਗਮੇ ਦੇ ਮੈਚ ‘ਚ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਭਿੜੇਗੀ।
