ਲੰਡਨ, 16 ਜਨਵਰੀ (ਹਿ.ਸ.)। ਅਰਜਨਟੀਨਾ ਦੇ ਸੁਪਰਸਟਾਰ ਲਿਓਨਲ ਮੇਸੀ ਨੇ ਬੈਲਨ ਡੀ ਓਰ ਦਾ ਤਾਜ ਜਿੱਤਣ ਤੋਂ ਦੋ ਮਹੀਨੇ ਬਾਅਦ ਸੋਮਵਾਰ ਨੂੰ ਫੀਫਾ ਪੁਰਸ਼ਾਂ ਦਾ ਸਰਵੋਤਮ ਖਿਡਾਰੀ ਪੁਰਸਕਾਰ ਬਰਕਰਾਰ ਰੱਖਿਆ ਹੈ।
36 ਸਾਲਾ ਮੇਸੀ ਲੰਡਨ ‘ਚ ਹੋਏ ਸਮਾਰੋਹ ‘ਚੋਂ ਗੈਰਹਾਜ਼ਰ ਰਹੇ, ਜਦਕਿ ਬਾਰਸੀਲੋਨਾ ‘ਚ ਮੇਸੀ ਨੂੰ ਕੋਚ ਕਰਨ ਵਾਲੇ ਪੇਪ ਗਾਰਡੀਓਲਾ ਸਰਵੋਤਮ ਕੋਚ ਦੀ ਟਰਾਫੀ ਲੈਣ ਪਹੁੰਚੇ ਸਨ।
ਸਪੇਨ ਦੇ ਗਾਰਡੀਓਲਾ ਨੇ ਪਿਛਲੇ ਸੀਜ਼ਨ ਵਿੱਚ ਮੈਨਚੈਸਟਰ ਸਿਟੀ ਨੂੰ ਪ੍ਰੀਮੀਅਰ ਲੀਗ ਖਿਤਾਬ, ਐਫਏ ਕੱਪ ਅਤੇ ਪਹਿਲਾ ਚੈਂਪੀਅਨਜ਼ ਲੀਗ ਖਿਤਾਬ ਜਿਤਾਇਆ ਸੀ।
ਇਸ ਤੋਂ ਇਲਾਵਾ, ਇੰਗਲੈਂਡ ਦੀ ਮੈਨੇਜਰ ਸਰੀਨਾ ਵਿਗਮੈਨ ਨੂੰ ਮਹਿਲਾ ਸਰਵੋਤਮ ਕੋਚ ਦਾ ਤਾਜ ਦਿੱਤਾ ਗਿਆ, ਜਦੋਂ ਕਿ ਸਪੇਨ ਅਤੇ ਬਾਰਸੀਲੋਨਾ ਦੀ ਮਿਡਫੀਲਡਰ ਏਟਾਨਾ ਬੋਨਮਤੀ ਨੂੰ ਸਰਵੋਤਮ ਮਹਿਲਾ ਖਿਡਾਰੀ ਦਾ ਪੁਰਸਕਾਰ ਮਿਲਿਆ। ਬੋਨਮਤੀ ਨੇ ਮਹਿਲਾ ਬੈਲਨ ਡੀ’ਓਰ ਪੁਰਸਕਾਰ ਵੀ ਜਿੱਤਿਆ ਹੈ।
ਮਾਰਟਾ ਨੂੰ ਉਨ੍ਹਾਂ ਦੇ ਕਰੀਅਰ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਫੀਫਾ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। 37 ਸਾਲਾ ਬ੍ਰਾਜ਼ੀਲੀਅਨ ਨੇ ਛੇ ਵਿਸ਼ਵ ਕੱਪ ਟੂਰਨਾਮੈਂਟਾਂ ਵਿੱਚ 23 ਮੈਚਾਂ ਵਿੱਚ 17 ਗੋਲ ਕੀਤੇ ਹਨ। ਉਨ੍ਹਾਂ ਨੂੰ ਛੇ ਵਾਰ ਵਿਸ਼ਵ ਦੀ ਸਰਵੋਤਮ ਮਹਿਲਾ ਖਿਡਾਰਨ ਦਾ ਐਵਾਰਡ ਵੀ ਮਿਲ ਚੁੱਕਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
