ਨਵੀਂ ਦਿੱਲੀ, 30 ਦਸੰਬਰ (ਹਿ. ਸ.)। ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ ਦਾ ਮੰਨਣਾ ਹੈ ਕਿ ਆਗਾਮੀ ਪੈਰਿਸ ਓਲੰਪਿਕ ਲਈ ਸੱਤ ਮਹੀਨੇ ਬਾਕੀ ਰਹਿੰਦਿਆਂ ਖੇਡ ਮੰਤਰਾਲੇ ਨੂੰ ਦੇਸ਼ ਵਿੱਚ ਕੁਸ਼ਤੀ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰਨ ਦੀ ਲੋੜ ਹੈ। ਪੂਨੀਆ ਨੇ ਸਾਬਕਾ ਡਬਲਯੂਐੱਫਆਈ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਦੇ ਸਹਿਯੋਗੀ ਸੰਜੇ ਸਿੰਘ ਦੇ ਵਿਜੇਤਾ ਪੈਨਲ ਨੂੰ ਮੰਤਰਾਲਾ ਵੱਲੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਭਾਰਤੀ ਕੁਸ਼ਤੀ ਫੈਡਰੇਸ਼ਨ ਅਤੇ ਖੇਡ ਮੰਤਰਾਲੇ ਵਿਚਕਾਰ ਚੱਲ ਰਹੇ ਮਤਭੇਦ ‘ਤੇ ਚਿੰਤਾ ਜ਼ਾਹਰ ਕੀਤੀ।
ਬਜਰੰਗ ਪੂਨੀਆ ਨੇ ਐਕਸ ’ਤੇ ਲਿਖਿਆ, “ਪਿਛਲੇ ਕਈ ਮਹੀਨਿਆਂ ਤੋਂ ਕੁਸ਼ਤੀ ਦਾ ਕੰਮ ਰੁਕਿਆ ਹੋਇਆ ਹੈ। ਖਿਡਾਰੀਆਂ ਨੂੰ ਤਿਆਰ ਕਰਨ ਲਈ ਨਾ ਤਾਂ ਕੋਈ ਨੈਸ਼ਨਲ ਕਰਵਾਇਆ ਗਿਆ ਹੈ ਅਤੇ ਨਾ ਹੀ ਕੋਈ ਕੈਂਪ ਲਗਾਇਆ ਗਿਆ ਹੈ। 7 ਮਹੀਨਿਆਂ ਬਾਅਦ ਓਲੰਪਿਕ ਖੇਡਾਂ ਹਨ, ਪਰ ਓਲੰਪਿਕ ਪ੍ਰਤੀ ਕੋਈ ਵੀ ਗੰਭੀਰ ਨਹੀਂ ਜਾਪਦਾ ਜਦੋਂਕਿ ਕੁਸ਼ਤੀ ਨੇ ਪਿਛਲੀਆਂ ਚਾਰ ਉਲੰਪਿਕ ਖੇਡਾਂ ਵਿੱਚ ਲਗਾਤਾਰ ਚਾਰ ਮੈਡਲ ਦਿਵਾਏ ਹਨ।’’
ਪੁਨੀਆ, ਜਿਨ੍ਹਾਂ ਨੇ ਬ੍ਰਿਜ ਭੂਸ਼ਣ ਦੇ ਵਫ਼ਾਦਾਰ ਸੰਜੇ ਸਿੰਘ ਦੀ ਚੋਣ ਦੇ ਵਿਰੋਧ ਵਿੱਚ ਆਪਣਾ ਪਦਮ ਸ਼੍ਰੀ ਵਾਪਸ ਕਰਨ ਦਾ ਫੈਸਲਾ ਕੀਤਾ ਸੀ, ਨੇ ਅੱਗੇ ਕਿਹਾ ਕਿ ਓਲੰਪਿਕ ਤਿਆਰੀਆਂ ‘ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ। ਟੋਕੀਓ ਓਲੰਪਿਕ ਦੀ 65 ਕਿਲੋਗ੍ਰਾਮ ਫ੍ਰੀਸਟਾਈਲ ਕਾਂਸੀ ਤਮਗਾ ਜੇਤੂ ਪੁਨੀਆ ਨੇ ਮੰਤਰਾਲੇ ਨੂੰ ਖਿਡਾਰੀਆਂ ਦੇ ਭਵਿੱਖ ‘ਤੇ ਧਿਆਨ ਦੇਣ ਦੀ ਲੋੜ ‘ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ, ਖੇਡ ਮੰਤਰਾਲੇ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਸਾਰੀਆਂ ਕੁਸ਼ਤੀ ਗਤੀਵਿਧੀਆਂ ਸ਼ੁਰੂ ਕੀਤੀਆਂ ਜਾਣ ਤਾਂ ਜੋ ਖਿਡਾਰੀਆਂ ਦੇ ਭਵਿੱਖ ਨੂੰ ਬਚਾਇਆ ਜਾ ਸਕੇ।
ਦੱਸ ਦਈਏ ਕਿ ਭਾਰਤੀ ਕੁਸ਼ਤੀ ਮਹਾਸੰਘ ਲਈ ਨਵੀਂ ਨਿਯੁਕਤ ਐਡ-ਹਾਕ ਕਮੇਟੀ ਨੇ ਸ਼ੁੱਕਰਵਾਰ ਨੂੰ ਡਬਲਯੂਐੱਫਆਈ ਦਫ਼ਤਰ ਨੂੰ ਸਾਬਕਾ ਪ੍ਰਧਾਨ ਅਤੇ ਭਾਜਪਾ ਸੰਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਘਰ ਤੋਂ ਬਾਹਰ ਸ਼ਿਫਟ ਕਰ ਦਿੱਤਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
